ਬਠਿੰਡਾ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੱਖ ਵੱਖ ਵਾਰਡਾਂ ਵਿਚ ਲੋਕਾਂ ਨਾਲ ਕੀਤੀ ਮੁਲਾਕਾਤ **ਲੋਕ ਇੱਛਾਵਾਂ ਅਨੁਸਾਰ ਸ਼ਹਿਰ ਦੇ ਵਿਕਾਸ ਲਈ ਕੀਤੀ ਚਰਚਾ
ਬਠਿੰਡਾ / 20 ਜੂਨ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਵਿਚ ਵੱਖ ਵੱਖ ਥਾਂਵਾਂ ਤੇ ਲੋਕਾਂ ਨਾਲ ਮਿਲ ਕੇ ਉਨਾਂ ਦੀ ਮੁਸਕਿਲਾਂ ਸੁਣੀਆਂ। ਇਸ ਦੌਰਾਨ ਉਨਾਂ ਨੇ ਸਬੰਧਤ ਵਾਰਡਾਂ ਦੇ ਵਿਕਾਸ ਸਬੰਧੀ ਵੀ ਸਥਾਨਕ ਲੋਕਾਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਤਾਂ ਜੋ ਵਿਕਾਸ ਕਾਰਜ ਲੋਕ ਇੱਛਾਵਾਂ ਅਨੁਸਾਰ ਹੋ ਸਕਨ।
ਬਠਿੰਡਾ ਸ਼ਹਿਰ ਦੇ ਵਸਨੀਕਾਂ ਦੀਆਂ ਮੁਸਕਿਲਾਂ ਸੁਣਨ ਲਈ ਵਿੱਤ ਮੰਤਰੀ ਨੇ ਅੱਜ ਕਰਤਾਰ ਬਸਤੀ, ਅਫੀਮ ਵਾਲੀ ਗਲੀ ਵਿਚ ਸ੍ਰੀ ਅਨਿਲ ਭੋਲਾ ਦੇ ਘਰ, ਪਾਵਰ ਹਾਉਸ ਰੋਡ ਤੇ ਐਡਵੋਕੇਟ ਗਾਰਗੀ ਦੇ ਘਰ, ਮਾਸਟਰ ਹਰਮੰਦਰ ਸਿੰਘ ਦੇ ਘਰ ਅਤੇ ਵਾਰਡ ਨੰਬਰ 17 ਦੀਆਂ ਵੱਖ ਵੱਖ ਗਲੀਆਂ ਵਿਚ, ਅਜੀਤ ਰੋਡ ਤੇ ਸ੍ਰੀ ਹੇਮ ਰਾਜ ਦੇ ਘਰ ਆਦਿ ਥਾਂਵਾਂ ਤੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹ ਸ: ਇੰਦਰਜੀਤ ਸਿੰਘ ਸਰਾਂ ਡਾਇਰੈਕਟਰ ਡੇਅਰੀ ਵਿਕਾਸ ਬੋਰਡ ਦੇ ਘਰ ਵੀ ਗਏ।
ਇਸ ਦੌਰਾਨ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਠਿੰਡਾ ਸ਼ਹਿਰ ਦਾ ਵਿਕਾਸ ਸੂਬਾ ਸਰਕਾਰ ਦਾ ਟੀਚਾ ਹੈ। ਉਨਾਂ ਨੇ ਕਿਹਾ ਕਿ ਵੱਖ ਵੱਖ ਵਾਰਡਾਂ ਵਿਚ ਇੰਟਰਲਾਕਿੰਗ ਦੇ ਕੰਮ ਸ਼ੁਰੂ ਹੋਣ ਜਾ ਰਹੇ ਹਨ। ਜਦ ਕਿ ਨਗਰ ਨਿਗਮ ਨੂੰ ਹਦਾਇਤ ਕੀਤੀ ਗਈ ਹੈ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ ਗਤੀ ਨਾਲ ਸੰਪਨ ਕੀਤਾ ਜਾਵੇ। ਇਸ ਦੌਰਾਨ ਲੋਕਾਂ ਤੋਂ ਪ੍ਰਾਪਤ ਸ਼ਿਕਾਇਤਾਂ ਅਤੇ ਸੁਝਾਵਾਂ ਬਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਗਏ।
ਇਸ ਮੌਕੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਵਿਸੇਸ਼ ਕਰਕੇ ਲੋਕਾਂ ਨੂੰ ਰੋਜਮਰਾਂ ਦੇ ਜੀਵਨ ਵਿਚ ਕਰੋਨਾ ਵਾਇਰਸ ਤੋਂ ਬਚਨ ਲਈ ਸਾਰੀਆਂ ਜਰੂਰੀ ਸਾਵਧਾਨੀਆਂ ਰੱਖਣ ਦੀ ਅਪੀਲ ਵੀ ਕੀਤੀ। ਉਨਾਂ ਨੇ ਕਿਹਾ ਕਿ ਇਸੇ ਲਈ ਜਨਜਾਗਰੂਕਤਾ ਲਈ ਪੰਜਾਬ ਸਰਕਾਰ ਨੇ ਮਿਸ਼ਨ ਫਤਿਹ ਸ਼ੁਰੂ ਕੀਤਾ ਹੈ ਜਿਸ ਦਾ ਉਦੇਸ਼ ਹੀ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕਰਨਾ ਹੈ ਕਿਉਂਕਿ ਜੇਕਰ ਅਸੀਂ ਸਾਵਧਾਨੀਆਂ ਰੱਖੀਏ ਤਾਂ ਅਸੀਂ ਸਹਿਜੇ ਹੀ ਇਸ ਬਿਮਾਰੀ ਦੀ ਲੜੀ ਤੋੜ ਸਕਦੇ ਹਾਂ।
ਇਸ ਮੌਕੇ ਉਨਾਂ ਨਾਲ ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਕੇਕੇ ਅਗਰਵਾਲ, ਮਾਸਟਰ ਹਰਮੰਦਰ ਸਿੰਘ ਸਿੱਧੂ, ਯਸ ਬੋਸ, ਸ੍ਰੀ ਨੱਥੂ ਰਾਮ, ਸ੍ਰੀ ਪ੍ਰਕਾਸ਼ ਚੰਦ, ਸ੍ਰੀ ਮੋਹਨ ਲਾਲ ਝੂੰਬਾ, ਸ੍ਰੀ ਪਵਨ ਮਾਨੀ, ਸ੍ਰੀ ਗੁਰਪ੍ਰੀਤ ਬੰਟੀ, ਸੰਜੂ ਆਦਿ ਵੀ ਹਾਜਰ ਸਨ।