*ਬਦਲਵੀਂਆਂ ਫ਼ਸਲਾਂ ਬੀਜ ਕੇ ਬਚਾਇਆ ਜਾ ਸਕਦਾ ਹੈ ਧਰਤੀ ਹੇਠਲੇ ਪਾਣੀ ਦਾ ਡਿਗਦਾ ਪੱਧਰ
ਬਠਿੰਡਾ / 22 ਮਈ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਪੰਜਾਬ, ਬਠਿੰਡਾ ਡਾ. ਬਹਾਦਰ ਸਿੰਘ ਸਿੱਧੂ ਵੱਲੋਂ ਕਿਸਾਨਾਂ ਨੂੰ ਦਾਲਾਂ ਹੇਠ ਵੱਧ ਤੋਂ ਵੱਧ ਰਕਬਾ ਬੀਜਣ ਦੀ ਅਪੀਲ ਕਰਦਿਆਂ ਕਿਹਾ ਕਿ ਮਹੀਨਾ ਮਈ ਦਾ ਦੂਸਰਾ ਪੰਦਰਵਾੜਾ ਅਰਹਰ ਦੀ ਫ਼ਸਲ ਦੀ ਬਿਜਾਈ ਲਈ ਬਹੁਤ ਹੀ ਢੁਕਵਾਂ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨਾਂ ਕਿਸਾਨਾਂ ਨੂੰ ਅਰਹਰ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ-ਪੀ.ਏ.ਯੂ. 881, ਏ.ਐਲ 201 ਅਤੇ ਏ. ਐਲ. 15 ਦੀ ਬਿਜਾਈ ਕਰਨ ਦੀ ਸਲਾਹ ਦਿੱਤੀ। ਉਨਾਂ ਕਿਹਾ ਕਿ ਮੂੰਗੀ ਦੀ ਬਿਜਾਈ ਲਈ ਜੁਲਾਈ ਦਾ ਦੂਜਾ ਪੰਦਰਵਾੜਾ ਢੁੱਕਵਾਂ ਸਮਾਂ ਹੈ। ਇਸ ਦੀਆਂ ਉੱਨਤ ਕਿਸਮਾਂ ਐਮ.ਐਲ. 2056 ਅਤੇ ਐਮ.ਐਲ 818 ਦੀ ਬਿਜਾਈ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਕਿਸਾਨ ਸਾਉਣੀ ਦੇ ਮਾਂਹ ਦੀ ਬਿਜਾਈ ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਰ ਸਕਦੇ ਹਨ। ਮਾਂਹ ਦੀਆਂ ਉੱਨਤ ਕਿਸਮਾਂ ਮਾਂਹ 114 ਅਤੇ ਮਾਂਹ 338 ਬਿਜਾਈ ਲਈ ਸਹੀ ਹਨ। ਡਾ. ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ ਲੇਬਰ ਦੀ ਘਾਟ ਕਾਰਨ ਝੋਨੇ ਦੀ ਬਿਜਾਈ ਵਿੱਚ ਮੁਸ਼ਕਿਲ ਆ ਸਕਦੀ ਹੈ, ਪਰ ਦਾਲਾਂ ਦੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ।
ਖੇਤੀਬਾੜੀ ਵਿਕਾਸ ਅਫ਼ਸਰ (ਦਾਲਾਂ) ਡਾ. ਨਵਰਤਨ ਕੌਰ ਨੇ ਦੱਸਿਆ ਕਿ ਬਿਜਾਈ ਤੋਂ ਪਹਿਲਾਂ ਦਾਲਾਂ ਦੇ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾ ਲਿਆ ਜਾਵੇ। ਇਸ ਟੀਕੇ ਦੀ ਵਰਤੋਂ ਨਾਲ ਅਰਹਰ ਦਾ ਝਾੜ 5-7% ਅਤੇ ਮੂੰਗੀ ਦਾ ਝਾੜ 12-16% ਤੱਕ ਵੱਧ ਜਾਂਦਾ ਹੈ। ਇਨਾਂ ਫ਼ਸਲਾਂ ਨੂੰ ਕਿਸਾਨ ਰਲਵੀਂ ਫ਼ਸਲ ਦੇ ਤੌਰ ’ਤੇ ਵੀ ਬੀਜ ਸਕਦੇ ਹਨ। ਅਰਹਰ ਦੀ ਬੀਜੀ ਫ਼ਸਲ ਦੀਆਂ ਲਾਈਨਾਂ ਵਿੱਚ ਮੂੰਗੀ ਕਾਮਯਾਬੀ ਨਾਲ ਉਗਾਈ ਜਾ ਸਕਦੀ ਹੈ। ਇਸ ਤਰਾਂ ਅਰਹਰ ਦੀ ਫ਼ਸਲ ਦੇ ਨਾਲ-ਨਾਲ ਤਕਰੀਬਨ 1.2 ਕੁਇੰਟਲ ਪ੍ਰਤੀ ਏਕੜ ਮੂੰਗੀ ਦਾ ਝਾੜ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਤਰਾਂ ਹੀ ਮਾਂਹ ਦੀ ਹਰ ਪੰਜਵੀਂ ਲਾਈਨ ਵਿੱਚ ਮੱਕੀ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਫ਼ਸਲੀ ਵਿਭਿੰਨਤਾ ਨੂੰ ਅਪਨਾਉਂਦਿਆਂ ਦਾਲਾਂ ਆਦਿ ਫ਼ਸਲਾਂ ਹੇਠ ਰਕਬਾ ਵਧਾਉਣ। ਇਸ ਤਰਾਂ ਕਰਨ ਨਾਲ ਪਾਣੀ ਦੀ ਡਿੱਗਦੇ ਪੱਧਰ ਨੂੰ ਬਚਾਉਣ ਤੋਂ ਇਲਾਵਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਇਆ ਜਾ ਸਕਦਾ ਹੈ ।