ਹੋਲੇ ਮੁਹੱਲੇ ਦੌਰਾਨ ਸ਼ਰਧਾਲੂਆਂ ਦੀ ਸਿਹਤ ਅਤੇ ਸੁਰੱਖਿਆ ਲਈ ਪ੍ਰਸਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ: ਰਾਣਾ ਕੇ.ਪੀ ਸਿੰਘ
ਸਪੀਕਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲੇ ਮੁਹੱਲੇ ਦੇ ਕੀਤੇ ਪ੍ਰਬੰਧਾਂ ਦਾ ਲਿਆ ਜਾਇਜਾ
ਸ੍ਰੀ ਅਨੰਦਪੁਰ ਸਾਹਿਬ 17 ਮਾਰਚ ()
ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਹੋਲੇ ਮੁਹੱਲੇ ਦਾ ਪਵਿੱਤਰ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਦਾ ਹੈ। ਕੋਵਿਡ 19 ਦੀ ਮਹਾਂਮਾਰੀ ਦੇ ਮੱਦੇਨਜ਼ਰ ਇਸ ਵਾਰ ਹੋਲੇ ਮੁਹੱਲੇ ਮੋਕੇ ਸ਼ਰਧਾਲੂਆਂ ਅਤੇ ਸੰਗਤਾਂ ਦੀ ਸਿਹਤ ਅਤੇ ਸੁਰੱਖਿਆਂ ਦੇ ਮੱਦੇਨਜ਼ਰ ਪ੍ਰਸਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ।
ਰਾਣਾ ਕੇ.ਪੀ ਸਿੰਘ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਇੱਕ ਵਿਸੇਸ਼ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਅਤੇ ਐਸ.ਐਸ.ਪੀ ਸ੍ਰੀ ਅਖਿਲ ਚੋਧਰੀ ਨੂੰ ਕਿਹਾ ਕਿ ਉਹ ਹੋਲੇ ਮੁਹੱਲੇ ਦੌਰਾਨ ਡਿਊਟੀ ਉਤੇ ਤੈਨਾਤ ਕਰਮਚਾਰੀਆਂ ਦੀ ਕੋਵਿਡ ਵੈਕਸੀਨ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਕਿਹਾ ਕਿ ਐਸ.ਜੀ.ਪੀ.ਸੀ, ਡੇਰਿਆਂ ਅਤੇ ਧਾਰਮਿਕ ਸੰਗਠਨਾਂ ਦੇ ਮੁਖੀਆਂ ਨਾਲ ਵਿਸ਼ੇਸ ਮੀਟਿੰਗਾਂ ਕੀਤੀਆਂ ਜਾਣ, ਉਨ੍ਹਾਂ ਵਲੋ ਸੰਗਤਾਂ ਨੂੰ ਕੋਵਿਡ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਨ ਦੀ ਅਪੀਲ ਕਰਵਾਈ ਜਾਵੇ। ਪ੍ਰਸਾਸ਼ਨ ਵਲੋਂ ਹੋਲੇ ਮੁਹੱਲੇ ਦੋਰਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਸਕ ਪਾਉਣਾ ਅਤੇ ਸਮਾਜਿਕ ਵਿੱਥ ਰੱਖਣਾ ਯਕੀਨੀ ਬਣਾਉਣ ਲਈ ਵਿਸੇਸ਼ ਜਾਗਰੂਕਤਾਂ ਅਭਿਆਨ ਚਲਾਇਆ ਜਾਵੇ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਹੋਲੇ ਮੁਹੱਲੇ ਦੋਰਾਨ ਸਮੁੱਚੇ ਮੇਲਾ ਖੇਤਰ ਵਿਚ ਰੋਜਾਨਾ ਲਗਾਤਾਰ ਸੈਨੇਟਾਈਜਰ ਕਰਵਾਇਆ ਜਾਵੇ। ਪਖਾਨਿਆਂ ਅਤੇ ਲੰਗਰਾਂ ਵਾਲੀਆਂ ਥਾਵਾਂ ਉਤੇ ਸਾਫ ਸਫਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ। ਪ੍ਰਸਾਸ਼ਨ ਇਹ ਵੀ ਧਿਆਨ ਰੱਖੇ ਕਿ ਕਿਸੇ ਵੀ ਸਥਾਨ ਉਤੇ ਵਧੇਰੇ ਲੋਕਾਂ ਦਾ ਇਕੱਠ ਨਾ ਹੋਵੇ। ਹੋਲੇ ਮੁਹੱਲੇ ਦੋਰਾਨ ਆਉਣ ਵਾਲੀਆਂ ਸੰਗਤਾਂ ਪਵਿੱਤਰ ਨਗਰੀ ਵਿਚ ਗੁਰੂਧਾਮਾਂ ਦੇ ਦਰਸ਼ਨ ਕਰਨ ਸਮੇ ਪੂਰੀ ਤਰਾਂ ਸੁਰੱਖਿਅਤ ਰਹਿਣ। ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆਂ ਦੀ ਪੂਰੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਉਤ ਨਿਰਵਿਘਨ ਆਵਾਜਾਈ ਬਹਾਲ ਰੱਖੀ ਜਾਵੇ,ਬਦਲਵੇ ਰੂਟ ਬਣਾ ਕੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਦਿੱਤੀ ਜਾਵੇ।
ਇਸ ਮੋਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਪ੍ਰਸਾਸ਼ਨ ਵਲੋ ਲਗਾਤਾਰ ਮੇਲਾ ਖੇਤਰ ਵਿਚ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸਮੀਖਿਆਂ ਕੀਤੀ ਜਾ ਰਹੀ ਹੈ। ਮੇਲਾ ਖੇਤਰ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ ਜਿੱਥੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਤੈਨਾਤ ਰਹਿਣਗੇ। ਮੇਲਾ ਖੇਤਰ ਵਿਚ ਸੰਗਤਾਂ ਨੂੰ ਮੈਡੀਕਲ ਸਹੂਲਤ,ਪੀਣ ਵਾਲਾ ਕਲੋਰੀਨੇਸ਼ਨ ਕੀਤਾ ਪਾਣੀ, ਸੈਨੇਟਾਈਜ ਕੀਤੇ ਪਖਾਨੇ, ਫੋਗਿੰਗ ਅਤੇ ਸੈਨੇਟਾਈਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆ ਗਈਆ ਹਨ। ਹਰ ਵਿਭਾਗ ਨੁੰ ਉਸ ਦੇ ਕੰਮ ਸਮਾ ਰਹਿੰਦੇ ਕਰਨ ਦੀ ਹਦਾਇਤ ਕੀਤੀ ਗਈ ਹੈ। ਹਰ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੈਕਸੀਨ ਲਗਵਾਉਣ ਲਈ ਕਿਹਾ ਹੈ। ਸੀਨੀਅਰ ਪੁਲਿਸ ਕਪਤਾਨ ਸ੍ਰੀ ਅਖਿਲ ਚੋਧਰੀ ਨੇ ਕਿਹਾ ਕਿ ਹੋਲੇ ਮੁਹੱਲੇ ਦੋਰਾਨ ਲਗਭਗ 4 ਹਜ਼ਾਰ ਅਧਿਕਾਰੀ ਅਤੇ ਕਰਮਚਾਰੀ ਡਿਊਟੀ ਉਤੇ ਤੈਨਾਤ ਰਹਿਣਗੇ।
ਸਮੁੱਚੇ ਮੇਲਾ ਖੇਤਰ ਵਿਚ ਕੀਤੇ ਜਾਣ ਵਾਲੇ ਪ੍ਰਬੰਧਾਂ ਐਮਬੂਲੈਂਸ, ਰਿਕਵਰੀ ਵੈਨ, ਫਾਇਰ ਟੈਂਡਰ ਬਾਰੇ ਤਾਲਮੇਲ ਨਾਲ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਮੇਲਾ ਖੇਤਰ ਵਿਚ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾਣਗੇ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਦੀਪ ਸ਼ਿਖਾ,ਐਸ.ਡੀ.ਐਮ ਕਨੂੰ ਗਰਗ, ਜੀ.ਏ ਇੰਦਰਪਾਲ, ਐਸ.ਪੀ ਅੰਕੁਰ ਗੁਪਤਾ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ,ਐਕਸੀਅਨ ਹਰਜੀਤਪਾਲ ਸਿੰਘ, ਐਕਸੀਅਨ ਭੁਪਿੰਦਰ ਸਿੰਘ ਚਾਨਾ,ਐਕਸੀਅਨ ਵਿਸ਼ਾਲ ਗੁਪਤਾ, ਐਸ.ਐਮ.ਓ ਚਰਨਜੀਤ ਸਿੰਘ,ਐਸ.ਡੀ.ਓ ਓਮ ਪ੍ਰਕਾਸ਼ ਅਤੇ ਜਿਲ੍ਹੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਤਸਵੀਰ: ਸਪੀਕਰ ਰਾਣਾ ਕੇ.ਪੀ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲੇ ਮੁਹੱਲੇ ਦੇ ਪ੍ਰਬੰਧਾ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।