ਨਵ ਜਨਮੇਂ ਬੱਚਿਆਂ ਦੀ ਦੇਖਭਾਲ ਸਬੰਧੀ ਕੌਮੀ ਹਫਤਾ ਮਨਾਇਆ ਗਿਆ- ਡਾ.ਚਰਨਜੀਤ ਕੁਮਾਰ
***ਮਾਵਾਂ ਨੂੰ ਕੋਵਿਡ 19 ਦੀਆਂ ਸਾਵਧਾਨੀਆਂ ਬਾਰੇ ਕੀਤਾ ਗਿਆ ਪ੍ਰੇਰਿਤ- ਐਸ.ਐਮ.ਓ.
ਸ੍ਰੀ ਅਨੰਦਪੁਰ ਸਾਹਿਬ 19 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਡਾ.ਦਵਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਨਵਜਨਮੇ ਬੱਚਿਆ ਦੀ ਦੇਖਭਾਲ ਸਬੰਧੀ ਕੌਮੀ ਹਫਤਾ (15 ਨਵੰਬਰ ਤੋਂ 21 ਨਵੰਬਰ) ਮਨਾਉਂਦੇ ਹੋਏ ਲਾਭਪਾਤਰੀਆਂ ਨੂੰ ਨਵਜਨਮੇਂ ਬੱਚਿਆਂ ਦੀ ਦੇਖਭਾਲ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਚਰਨਜੀਤ ਕੁਮਾਰ ਐਸ.ਐਮ.ਓ ਨੇ ਦੱਸਿਆ ਕਿ ਨਵਜਨਮੇਂ ਬੱਚੇ ਨੂੰ ਸਾਫ ਕੱਪੜੇ ਵਿੱਚ ਰੱਖਣਾ ਚਾਹੀਦਾ ਹੈ, ਉਸ ਨੂੰ ਇਕ ਹਫਤੇ ਤੱਕ ਨਹਲਾਇਆ ਨਾ ਜਾਵੇ ਅਤੇ ਬੱਚੇ ਨੂੰ ਨਿੱਘਾ ਰੱਖਿਆ ਜਾਵੇ, ਇਸ ਨਾਲ ਬੱਚੇ ਦੀ ਚੰਗੀ ਦੇਖਭਾਲ ਹੋ ਸਕਦੀ ਹੈ। ਇਸ ਸਬੰਧੀ ਮਾਵਾਂ ਨੂੰ ਜਾਗਰੂਕ ਕਰਦੇ ਹੋਏ ਡਾ.ਸੁਨੈਨਾ ਗੁਪਤਾ ਗਾਇਨਾਕੋਲੋਜਿਸਟ ਨੇ ਦੱਸਿਆ ਕਿ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਮਾਂ ਦੇ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਬੱਚੇ ਨੂੰ ਮਾਂ ਦਾ ਪਹਿਲਾਂ ਗਾੜਾ ਪੀਲਾ ਦੁੱਧ ਜਰੂਰ ਦੇਣਾ ਚਾਹੀਦਾ ਹੈ, ਬੱਚੇ ਨੂੰ ਗੁੜਤੀ ਆਦਿ ਨਹੀਂ ਦੇਣੀ ਚਾਹੀਦੀ।
ਡਾ.ਸੁਪਰੀਤ ਕੌਰ ਬੱਚਿਆਂ ਦੇ ਮਾਹਿਰ ਨੇ ਜਾਣਕਾਰੀ ਦਿੱਤੀ ਕਿ ਬੱਚੇ ਨੂੰ ਜਨਮ ਤੋਂ ਬਾਅਦ ਬੀਮਾਰੀਆਂ ਤੋਂ ਬਚਾਅ ਲਈ ਬੀ.ਸੀ.ਜੀ, ਹੈਪਾਟਾਈਟਸ ਦੀ ਜੀਰੋ ਡੋਜ ਅਤੇ ਪੋਲੀਉ ਦੀ ਜੀਰੋ ਖੁਰਾਕ ਤੁਰੰਤ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਸਮੇਂ ਸਮੇਂ ਸਿਰ ਬੱਚੇ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਿਆ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਟੀਕਾਕਰਨ ਸਬੰਧੀ ਹੋਰ ਜਾਣਕਾਰੀ ਲਈ ਸੰਸਥਾ ਦੇ ਏ.ਐਨ.ਐਮ, ਆਸ਼ਾ ਜਾਂ ਆਂਗਨਵਾੜੀ ਵਰਕਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਮਾਵਾਂ ਨੂੰ ਮਿਸ਼ਨ ਫਤਿਹ ਦੇ ਤਹਿਤ ਕੋਵਿਡ 19 ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਜਿਵੇਂ ਕਿ ਮਾਸਕ ਪਾਉਣਾ, ਹੱਥਾ ਨੂੰ ਬਾਰ ਬਾਰ ਸਾਬਣ ਨਾਲ ਧੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਮਿੰਨੀ ਏ.ਐਨ.ਐਮ, ਕੁਲਵਿੰਦਰ ਕੌਰ, ਵਰਿੰਦਰ ਕੁਮਾਰ, ਸੁੱਚਾ ਸਿੰਘ ਹੈਲਥ ਵਰਕਰ, ਮੋਹਨ ਲਾਲ, ਯਸ਼ ਪਾਲ ਸੂਚਨਾ ਸਹਾਇਕ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।