ਸ੍ਰੀ ਅਨੰਦਪੁਰ ਸਾਹਿਬ / 12 ਨਵੰਬਰ / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਵੱਖ ਵੱਖ ਵਿਕਾਸ ਕਾਰਜਾ ਦੇ ਨੀਂਹ ਪੱਥਰ ਰੱਖੇ ਅਤੇ ਗੁਰੂ ਨਗਰੀ ਦੇ ਸਰਵਪੱਖੀ ਵਿਕਾਸ ਕਰਵਾ ਕੇ ਇਸ ਦੀ ਨੁਹਾਰ ਬਦਲਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਵਿਚ ਇਸ ਸ਼ਹਿਰ ਦੇ ਵਿਕਾਸ ਉਤੇ ਹੋਰ ਕਰੋੜਾਂ ਰੁਪਏ ਖਰਚੇ ਜਾਣਗੇ। ਅੱਜ ਰਾਣਾ ਕੇ.ਪੀ ਸਿੰਘ ਨੇ ਮਜਾਰਾ ਸਕੂਲ ਤੋ ਮਾਤਾ ਸ੍ਰੀ ਨੈਣਾ ਦੇਵੀ ਰੋਡ ਤੱਕ 56.71 ਲੱਖ ਰੁਪਏ, ਵੀ.ਆਈ.ਪੀ ਰੋਡ ਤੇ ਪਾਰਕ ਬਣਾਉਣਾ 20.13 ਲੱਖ ਰੁਪਏ, ਡੀ.ਐਸ.ਪੀ ਧਾਰੀਵਾਲ ਕੋਲ ਗਲੀਆਂ ਬਣਾਉਣਾ 13.45 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ।
ਇਸ ਮੋਕੇ ਹੋਲੀ ਸਿਟੀ ਵਿਖੇ ਆਪਣੇ ਸੰਬੋਧਨ ਦੌਰਾਨ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।ਇਸ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾ ਵੀ ਸਾਡੀ ਸਰਕਾਰ ਨੇ ਇਸ ਦੇ ਵਿਕਾਸ ਉਤੇ 105 ਕਰੋੜ ਰੁਪਏ ਖਰਚ ਕੀਤੇ ਅਤੇ ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਸੁੰਦਰੀਕਰਨ ਉਤੇ 30 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼ਹਿਰ ਦੇ ਵਿਕਾਸ ਕਾਰਜਾਂ ਬਾਰੇ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ 5.33 ਕਰੋੜ ਰੁਪਏ ਹੁਣ ਸ਼ਹਿਰ ਦੇ ਵਿਕਾਸ ਲਈ ਮੰਨਜੂਰ ਹੋਏ ਹਨ। ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਨੂੰ ਸਮਰਪਿਤ 2.54 ਕਰੋੜ ਰੁਪਏ ਦੇ ਵਿਕਾਸ ਕਾਰਜ ਅਗਲੇ ਦਿਨਾਂ ਵਿਚ ਕਰਵਾਏ ਜਾਣੇ ਹਨ। 1.81 ਕਰੋੜ ਰੁਪਏ ਦੀ ਲਾਗਤ ਨਾਲ 21 ਵਿਕਾਸ ਕਾਰਜ ਸੁਰੂ ਹੋ ਗਏ ਹਨ ਹੋਰ 3.50 ਕਰੋੜ ਰੁਪਏ ਦੇ ਵਿਕਾਸ ਕਾਰਜ ਜਲਦੀ ਕਰਵਾਏ ਜਾਣਗੇ, ਜਿਸ ਨਾਲ ਸ਼ਹਿਰ ਦੀ ਦਿੱਖ ਸੁੰਦਰ ਹੋਵੇਗੀ ਅਤੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮਿਲਣਗੀਆਂ।
ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਦਾ ਜਿਕਰ ਕਰਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਹਲਕੇ ਵਿਚ ਕਰੋੜਾ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ। 14 ਪੁਲਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਨ੍ਹਾਂ ਵਿਚੋ ਕੁਝ ਮੁਕੰਮਲ ਹੋ ਗਏ ਹਨ ਜਾਂ ਕੁਝ ਮੁਕੰਮਲ ਹੋਣ ਵਾਲੇ ਹਨ। ਕੀਰਤਪੁਰ ਸਾਹਿਬ ਵਿਚ 18 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। 9 ਕਰੋੜ ਰੁਪਏ ਨਾਲ ਇੱਕ ਵੱਡਾ ਪੁਲ ਪਾਇਆ ਜਾ ਰਿਹਾ ਹੈ। ਮਹੈਣ ਵਿਚ ਕਾਲਜ ਅਤੇ ਕੀਰਤਪੁਰ ਸਾਹਿਬ ਵਿਚ ਆਈ.ਟੀ.ਆਈ ਨੁੂੰ ਪ੍ਰਵਾਨਗੀ ਮਿਲ ਗਈ ਹੈ। ਇਸ ਤੋ ਇਲਾਵਾ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਗਲੀਆਂ, ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼, ਧਰਮਸ਼ਾਲਾ, ਪੀਣ ਵਾਲੇ ਸਾਫ ਪਾਣੀ ਲਈ ਟਿਊਵਬੈਲ, ਸਟਰੀਟ ਲਾਈਟਾਂ, ਮਾਸਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਪੁਰਾਣੀ ਚੰਗਰ ਦੀ ਸਿੰਚਾਈ ਲਈ ਪਾਣੀ ਦੀ ਲਿਫਟ ਇਰੀਗੇਸ਼ਨ ਸਕੀਮ ਉਤੇ ਵੀ ਕੰਮ ਚੱਲ ਰਿਹਾ ਹੈ। ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾ ਮੁਹੱਇਆ ਕਰਵਾਉਣਾ ਸਾਡੀ ਜਿੰਮੇਵਾਰੀ ਹੈ ਅਤੇ ਇਸ ਦੇ ਲਈ ਅਸੀ ਪੂਰੀ ਤਰਾਂ ਬਚਨਬੱਧ ਹਾਂ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿਚ ਲੋਕਾਂ ਨੂੰ ਤਿਉਹਾਰ ਮਨਾਉਦੇ ਸਮੇਂ ਅਤੇ ਬਜ਼ਾਰਾਂ ਵਿਚ ਜਾਣ ਸਮੇਂ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਮਾਸਕ ਪਾ ਕੇ, ਸਮਾਜਿਕ ਵਿੱਥ ਰੱਖ ਕੇ ਹੀ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ।ਇਸ ਮੋਕੇ ਰਾਣਾ ਕੇ.ਪੀ ਸਿੰਘ ਦਾ ਹਲਕੇ ਦੇ ਪੰਤਵੰਤਿਆਂ ਵਲੋ ਵਿਸੇਸ਼ ਸਨਮਾਨ ਕੀਤਾ ਗਿਆ।
ਇਸ ਮੋਕੇ ਨਗਰ ਕੋਸਲ ਦੇ ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ, ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ,ਕਾਰਜ ਸਾਧਕ ਅਫਸਰ ਵਿਕਾਸ ਉੱਪਲ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਪੀ.ਆਰ.ਟੀ.ਸੀ ਦੇ ਡਾਇਰੈਕਟਰ ਕਮਲਦੇਵ ਜ਼ੋਸ਼ੀ, ਪ੍ਰੇਮ ਸਿੰਘ ਬਾਸੋਵਾਲ, ਸਾਬਕਾ ਕੋਸਲਰ ਨਰਿੰਦਰ ਸੈਣੀ, ਇੰਦਰਜੀਤ ਸਿੰਘ ਅਰੋੜਾ, ਸਵਰਨ ਸਿੰਘ ਲੋਦੀਪੁਰ, ਰਾਮ ਪਿਆਰੀ ਗੰਗਾ, ਕੁਲਦੀਪ ਸਿੰਘ ਬੰਗਾ, ਮਹੰਤ ਬਚਨਦਾਸ ਅਤੇ ਪਤਵੰਤੇ ਹਾਜਰ ਸਨ।