ਪਾਜਟਿਵ ਆਉਣ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਵੀ ਕੀਤੇ ਜਾਣ ਟੈਸਟ
ਤੁਲੀ ਲੈਬ ਦੀ ਜਾਂਚ ਲਈ ਮੁੱਖ ਮੰਤਰੀ ਨੇ ਕੀਤਾ ਸਿਟ ਦਾ ਗਠਨ
ਅੰਮ੍ਰਿਤਸਰ / 13 ਜੁਲਾਈ / ਨਿਊ ਸੁਪਰ ਭਾਰਤ ਨਿਊਜ਼ :
ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਕੋਰੋਨਾ ਮਾਹਾਮਾਰੀ ਦੀ ਸਥਿਤੀ ਨੂੰ ਲੈ ਕੇ ਸਰਕਟ ਹਾਊਸ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸ: ਸ਼ਿਵਦੁਲਾਰ ਸਿੰਘ ਢਿਲੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡਾ: ਸੁਖਚੈਨ ਸਿੰਘ ਪੁਲਸ ਕਮਿਸ਼ਨਰ, ਸ਼੍ਰੀ ਹਿੰਮਾਸੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਸੰਦੀਪ ਰਿਸ਼ੀ ਵਧੀਕ ਕਮਿਸ਼ਨਰ ਨਗਰ ਨਿਗਮ,ਡਾ: ਰਾਜੀਵ ਦੇਵਗਨ ਪਿੰ੍ਰਸੀਪਲ ਮੈਡੀਕਲ ਕਾਲਜ, ਡਾ: ਨਵਦੀਪ ਸਿੰਘ ਸਿਵਲ ਸਰਜਨ,ਡਾ: ਮਦਨ ਮੋਹਨ ਵੀ ਹਾਜਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਜਿਲੇ ਵਿਚ ਜਿਹੜਾ ਵੀ ਕੋਈ ਪਾਜਟਿਵ ਕੇਸ ਆਉਦਾ ਹੈ ਤਾਂ ਉਸ ਦੇ ਘਰ ਵਾਲਿਆਂ ਤੋ ਇਲਾਵਾ ਜਿਥੇ ਜਿਥੇ ਵੀ ਉਹ ਵਿਅਕਤੀ ਗਿਆ ਹੋਵੇ ਅਤੇ ਉਸਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਵੀ ਟੈਸਟ ਕੀਤੇ ਜਾਣ। ਉਨਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਜਿਲੇ ਵਿਚ ਸੈਪਲਾਂ ਦੀ ਗਿਣਤੀ ਵਧਾਈ ਜਾਵੇ ਅਤੇ ਲੋਕਾਂ ਨੂੰ ਵੀ ਆਪਣਾ ਟੈਸਟ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ। ਉਨਾਂ ਰੈਡਮ ਟੈਸਟਿੰਗ ਤੇ ਜ਼ੋਰ ਦਿੰਦਿਆ ਕਿਹਾ ਕਿ ਜਿਸ ਖੇਤਰ ਵਿਚ ਕੋਈ ਵਿਅਕਤੀ ਪਾਜਟਿਵ ਪਾਇਆ ਜਾਂਦਾ ਹੈ ਤਾਂ ਉਸ ਖੇਤਰ ਵਿਚ ਰੈਡਮ ਟੈਸਟਿਗ ਜ਼ਰੂਰ ਕੀਤੀ ਜਾਵੇ। ਸ੍ਰੀ ਸੋਨੀ ਨੇ ਸਿਵਲ ਸਰਜਨ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਕਿਹਾ ਕਿ ਆਪਸੀ ਤਾਲਮੇਲ ਬਣਾ ਕੇ ਰੱਖਿਆ ਜਾਵੇ ਤਾਂ ਜੋ ਟੈਸਟ ਕਰਵਾਉੋਣ ਵਾਲੇ ਵਿਅਕਤੀਆਂ ਦੀ ਰਿਪੋਰਟ ਸਮੇਂ ਸਿਰ ਦਿੱਤੀ ਜਾ ਸਕੇ। ਉਨਾਂ ਦੱਸਿਆ ਕਿ ਟੈਸਟਿੰਗ ਦੀ ਸਮਰੱਥਾ ਵਿੱਚ ਵਾਧਾ ਹੋਣ ਨਾਲ ਕਰੋਨਾ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ। ਉਨਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ 755 ਮਰੀਜ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਸ਼੍ਰੀ ਸੋਨੀ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿਚ ਫਾਇਰ ਬ੍ਰਿਗੇਡ ਗੱਡੀਆਂ ਰਾਹੀ ਸਾਰੇ ਸ਼ਹਿਰ ਨੂੰ ਅਤੇ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸੈਨੀਟਾਈਜ਼ ਕੀਤਾ ਜਾਵੇ। ਸ਼੍ਰੀ ਸੋਨੀ ਨੇ ਕਿਹਾ ਕਿ ਬਰਸਾਤ ਦਾ ਮੌਸਮ ਵੀ ਸ਼ੁਰੂ ਹੋ ਚੁੱਕਾ ਹੈ ਇਸ ਲਈ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿਚ ਫਾਗਿੰਗ ਵੀ ਕਰਵਾਈ ਜਾਵੇ ਤਾਂ ਜੋ ਡੇਗੂ ਦੇ ਡੰਗ ਤੋ ਬੱਚਿਆ ਜਾ ਸਕੇ।
ਸ਼੍ਰੀ ਸੋਨੀ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਪੰਜਾਬ ਵਿਚ 3.65 ਲੱਖ ਦੇ ਕਰੀਬ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿੰਨਾਂ ਵਿੱਚੋਂ 6625 ਲੋਕਾਂ ਦੇ ਟੈਸਟ ਪਾਜਟਿਵ ਪਾਏ ਗਏ ਹਨ ਅਤੇ 78 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ੍ਰੀ ਸੋਨੀ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਤੁਲੀ ਲੈਬ ਦੀ ਜਾਂਚ ਲਈ ਸਿਟ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਜਲੰਧਰ, ਲੁਧਿਆਣਾ ਅਤੇ ਮੁਹਾਲੀ ਵਿਖੇ ਕਰੋਨਾ ਦੇ ਟੈਸਟ ਲਈ ਨਵੀਂਆਂ ਲੈਬਾਂ ਲਗਾਈਆਂ ਜਾ ਰਹੀਆਂ ਹਨ ਜਿਸ ਨਾਲ ਪੰਜਾਬ ਵਿੱਚੋਂ ਰੋਜਾਨਾ 20,000 ਲੋਕਾਂ ਦੇ ਟੈਸਟ ਹੋ ਸਕਣਗੇ।
ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜਰੂਰ ਕਰਨ ਅਤੇ ਸਮਾਜਿਕ ਨਿਯਮਾਂ ਦੀ ਪਾਲਣਾ, ਜਨਤਕ ਥਾਂਵਾਂ ਤੇ ਥੁੱਕਣ ਤੋਂ ਪ੍ਰਹੇਜ ਕਰਨ। ਉਨਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਵੱਡੀ ਤੋਂ ਵੱਡੀ ਲੜਾਈ ਜਿੱਤੀ ਹੈ ਅਤੇ ਹੁਣ ਵੀ ਪੰਜਾਬੀ ਇਸ ਕਰੋਨਾ ਮਹਾਂਮਾਰੀ ਨੂੰ ਮਾਤ ਦੇਣਗੇ।
—-
ਕੈਪਸ਼ਨ
ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸਰਕਟ ਹਾਊਸ ਵਿਖੇ ਕਰੋਨਾ ਮਹਾਂਮਾਰੀ ਨੂੰ ਲੈ ਕੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕਰਦੇ ਹੋਏ। ਨਾਲ ਹਨ ਸ: ਸ਼ਿਵਦੁਲਾਰ ਸਿੰਘ ਢਿਲੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡਾ: ਸੁਖਚੈਨ ਸਿੰਘ ਪੁਲਸ ਕਮਿਸ਼ਨਰ, ਸ਼੍ਰੀ ਹਿੰਮਾਸੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ।