ਮਨੁੱਖਤਾ ਸਾਹਮਣੇ ਦਰਪੇਸ਼ ਵਾਤਾਵਰਣ ਸੰਕਟ ਦੇ ਮੌਜੂਦਾ ਪ੍ਰਸੰਗ ਵਿੱਚ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ” ਦੇ ਸੰਦੇਸ਼ ‘ਤੇ ਰਹੇਗਾ ਫੋਕਸ: ਉਪ-ਕੁਲਪਤੀ
ਅਮ੍ਰਿਤਸਰ, ਨਵੰਬਰ 26 / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੀਂ ਜਨਮ ਸ਼ਤਾਬਦੀ ਸਮਾਰੋਹਾਂ ਦੀ ਸੰਪੂਰਨਤਾ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਚੇਅਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ ਸਥਾਪਿਤ ਕਰਨ ਦਾ ਫੈਂਸਲਾ ਕੀਤਾ ਹੈ।
ਅੱਜ ਇਥੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ, ਹਾਲ ਹੀ ਵਿੱਚ ਯੂਨੀਵਰਸਿਟੀ ਦੇ ਨਵ-ਨਿਯੁਕਤ, ਵਾਈਸ ਚਾਂਸਲਰ, ਪ੍ਰਸਿੱਧ ਵਿਦਵਾਨ ਅਤੇ ਖ਼ੋਜਕਰਤਾ, ਪ੍ਰੋਫੈਸਰ ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਦੇਸ਼ਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ ‘ਗੁਰੂ ਨਾਨਕ ਦੇਵ ਜੀ’ ਚੇਅਰ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਗੁਰੂ ਨਾਨਕ ਦੇਵ ਜੀ ਦੇ ਸਿੱਖਿਆਵਾਂ ਅਤੇ ਸਿਧਾਂਤਾਂ, ਜਿਵੇਂ ਕਿ ਸ਼ਾਂਤੀ, ਮਨੁੱਖਤਾ, ਬਰਾਬਰਤਾ, ਬਿਹਤਰ ਸਮਾਜ ਦੀ ਸਿਰਜਣਾ ਅਤੇ ਸਾਫ ਹਰੇ ਵਾਤਾਵਰਨ ਲਈ ਯੋਜਨਾਬੱਧ ਢੰਗ ਨਾਲ ਵੱਖ-ਵੱਖ ਵਿਸ਼ਿਆਂ ਤੇ ਵਿਸਥਾਰ ਨਾਲ ਖੋਜ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਪੰਜ ਸਾਲ ਦੇ ਕਾਰਜਕਾਲ ਵਾਲੀ ਚੇਅਰ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ਬਾਰੇ ਖੋਜ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਜਿਸ ਵਿਚ ਖਾਸ ਤੌਰ’ ਤੇ ” ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ” ਵਿਸ਼ੇ ਤੇ ਅਧਾਰਿਤ ਵਾਤਾਵਰਣ ਵਿਗਿਆਨ ਨਾਲ ਜੁੜੇ ਮੁੱਦਿਆਂ ਦੀ ਮੌਜੂਦਾ ਪ੍ਰਸੰਗ ਅਤੇ ਪਰਪੇਖ ਵਿਚ ਮਹੱਤਤਾ ਤੇ ਜ਼ੋਰ ਦਿੱਤਾ ਜਾਵੇਗਾ।
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨੁੱਖਤਾ ਬਾਰੇ ਫਿਲੋਸੋਫੀ, ਕੁਦਰਤ ਤੇ ਮਨੁੱਖ ਦਾ ਸੰਬੰਧ ਖਾਸ ਤੌਰ ਤੇ ਉਹਨਾਂ ਦੇ ” ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ” ਦੇ ਸੰਦੇਸ਼ ਅਨੁਸਾਰ ਪਾਣੀ, ਹਵਾ ਅਤੇ ਮਿੱਟੀ ਦੇ ਤੱਤਾਂ ਦਾ ਵਿਸਥਾਰ ਸਹਿਤ ਅਧਿਐਨ ਕਰਦਿਆਂ ਮਨੁੱਖਜਾਤੀ ਸਾਹਮਣੇ ਦਰਪੇਸ਼ ਵਾਤਾਵਰਣ ਸੰਕਟ ਦੇ ਮੌਜੂਦਾ ਪ੍ਰਸੰਗ ਬਾਰੇ ਖ਼ੋਜ ਕੀਤੀ ਜਾਵੇਗੀ।
ਪ੍ਰੋ. ਬੂਟਾ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਗੁਰੂ ਨਾਨਕ ਚੇਅਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਗਿਆਨਕ ਦ੍ਰਿਸ਼ਟੀਕੋਣ ਤੇ ਫੋਕਸ ਕਰੇਗੀ, ਜਿਸ ਨਾਲ ਦਰਪੇਸ਼ ਸਮੱਸਿਆਵਾਂ, ਜਿਵੇਂ ਕਿ ਜੀਵ-ਜੰਤੂਆਂ ਲਈ ਖ਼ਤਰਾ, ਵਾਤਾਵਰਣ ਵਿਚ ਅਸੰਤੁਲਨ ਆਦਿ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਮਨੁੱਖੀ ਜੀਵਨ ਦੇ ਬਿਹਤਰ ਬਚਾਅ ਲਈ ਵਾਤਾਵਰਣ ਸੰਬੰਧੀ ਸੰਬੰਧਾਂ ਨੂੰ ਪਰਿਭਾਸ਼ਤ ਕਰੇਗੀ। ਚੇਅਰ ਦਾ ਮੁੱਖ ਉਦੇਸ਼ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਵਾਤਾਵਰਣ ਅਤੇ ਵਾਤਾਵਰਣ ਵਿਗਿਆਨ ਦੇ ਸੰਦਰਭ ਵਿੱਚ ਸਿੱਖ ਗੁਰੂਆਂ ਸਹਿਬਾਨ ਦੀ ਫਿਲਾਸਫੀ ਨੂੰ ਸਮਝਣ ਵਿੱਚ ਵੀ ਸਹਾਈ ਹੋਵੇਗਾ।
ਪ੍ਰੋ. ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕੁਦਰਤ, ਧਰਤੀ ਅਤੇ ਹੋਰ ਕੁਦਰਤੀ ਸਰੋਤਾਂ ਜਿਵੇਂ ਪਾਣੀ, ਹਵਾ ਅਤੇ ਧਰਤੀ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ ਹੈ। “ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਭੁੱਲ ਗਏ ਹਾਂ ਜਿਨ੍ਹਾਂ ਨੇ ਕਿਹਾ ਸੀ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ” ਜਿਸਦਾ ਅਰਥ ਹੈ ਕਿ ਸਾਡਾ ਵਾਤਾਵਰਣ ਸਾਡੇ ਪਰਿਵਾਰ ਵਰਗਾ ਹੈ ਪਰ ਜੋ ਅਸੀਂ ਅੱਜ ਵੇਖ ਰਹੇ ਹਾਂ ਵੱਧ ਰਿਹਾ ਪ੍ਰਦੂਸ਼ਣ, ਧਰਤੀ ਹੇਠਲਾ ਖਤਮ ਹੋ ਰਿਹਾ ਪਾਣੀ ਅਤੇ ਹਵਾ ਦੀ ਵਿਗੜ ਰਹੀ ਗੁਣਵੱਤਾ ਮਨੁੱਖੀ ਜੀਵਨ ਲਈ ਗੰਭੀਰ ਖ਼ਤਰਾ ਬਣੀ ਹੋਈ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਡੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਰੱਖਿਆ ਕਰਨੀ ਹੋਵੇਗੀ।
ਪ੍ਰੋ. ਸਿੱਧੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਆਉਣ ਵਾਲੀਆਂ ਚੁਣੌਤੀਆਂ ਬਾਰੇ ਉਸ ਸਮੇਂ ਹੀ ਸੁਚੇਤ ਕਰ ਦਿੱਤਾ ਸੀ, ਜੋ ਕਿ ਅੱਜ ਸਾਡੇ ਸਾਹਮਣੇ ਦਰਪੇਸ਼ ਹਨ – ਜਿਵੇਂ ਕਿ ਵਾਤਾਵਰਣ ਦੀ ਰੱਖਿਆ, ਔਰਤਾਂ ਦੀ ਬਰਾਬਰਤਾ, ਕੱਟੜਪੰਥੀਕਰਨ ਅਤੇ ਸਮਾਜਿਕ ਬੁਰਾਈਆਂ ਨੂੰ ਰੋਕਣਾ ਆਦਿ। ਉਨ੍ਹਾਂ ਕਿਹਾ ਕਿ ਗੁਰੂ ਜੀ ਦਾ ਸੰਦੇਸ਼ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਭਾਵ ਔਰਤ ਬਹੁਤ ਸਾਰੇ ਸੰਤ, ਮਹਾਨ ਰਾਜਿਆਂ ਅਤੇ ਸ਼ਹਿਨਸ਼ਾਹਾਂ ਨੂੰ ਜਨਮ ਦੇਣ ਵਾਲੀ ਰਹੀ ਹੈ, ਕਿਵੇਂ ਉਹ ਘਟੀਆ ਜਾਂ ਨੀਵੇਂ ਦਰਜੇ ਦੀ ਹੋ ਸਕਦੀ ਹੈ, ਔਰਤ ਸਸ਼ਕਤੀਕਰਨ ਉੱਤੇ ਅਜੇ ਵੀ ਸਖ਼ਤ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ 550ਵੀਂ ਸ਼ਤਾਬਦੀ ਦੌਰਾਨ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਮਾਰਗ ਦਰਸ਼ਨ ਤੇ ਚਲਦਿਆਂ ਮਨੁੱਖੀ ਜੀਵਨ ਨੂੰ ਹੋਰ ਸੁਚੱਜਾ ਤੇ ਬਿਹਤਰ ਬਣਾਉਣ ਲਈ ਅਹਿਦ ਕਰੀਏ।
ਉਨ੍ਹਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ, ਵਿੱਤ ਅਤੇ ਯੋਜਨਾ ਮੰਤਰੀ, ਸ੍ਰੀ ਮਨਪ੍ਰੀਤ ਸਿੰਘ ਬਾਦਲ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ, ਸ੍ਰੀ ਚਰਨਜੀਤ ਸਿੰਘ ਚੰਨੀ, ਅਤੇ ਪ੍ਰਿੰਸੀਪਲ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਸ੍ਰੀ ਅਨੁਰਾਗ ਵਰਮਾ ਆਈ.ਏ.ਐੱਸ. ਵਲੋਂ ਚੇਅਰ ਸਥਾਪਿਤ ਕਰਨ ਅਤੇ ਯੂਨੀਵਰਸਿਟੀ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਪ੍ਰੋ. ਬੂਟਾ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਪਤਨੀ ਸਰਦਾਰਨੀ ਸੁਖਮਿੰਦਰ ਕੌਰ, ਪੁੱਤਰ ਜਪਨਾਮ ਸਿੰਘ ਸਿੱਧੂ (ਕੈਨੇਡਾ), ਐਮ.ਆਰ.ਐਸ.ਪੀ.ਟੀ.ਯੂ. ਦੇ ਸੀਨੀਅਰ ਫੈਕਲਟੀ ਮੈਂਬਰ, ਡਾ. ਗੁਰਪ੍ਰੀਤ ਸਿੰਘ ਬਾਠ (ਸਿਵਲ ਇੰਜੀਨੀਅਰਿੰਗ), ਡਾ. ਬਲਵਿੰਦਰ ਸਿੰਘ ਸਿੱਧੂ (ਮਕੈਨੀਕਲ ਇੰਜੀਨੀਅਰਿੰਗ) ਅਤੇ ਡਾਇਰੈਕਟਰ ਲੋਕ ਸੰਪਰਕ, ਹਰਜਿੰਦਰ ਸਿੰਘ ਸਿੱਧੂ ਸ਼ਾਮਿਲ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਚੇਅਰ ਸਥਾਪਿਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ-ਕੁਲਪਤੀ ਦਾ ਵਿਸ਼ੇਸ਼ ਸਨਮਾਨ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਚੇਅਰ ਸਥਾਪਿਤ ਕਰਨ ਦੇ ਫੈਂਸਲੇ ਦਾ ਸੁਆਗਤ ਕਰਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੇ. ਬੂਟਾ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਫੈਕਲਟੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
ਅੱਜ ਐਸ.ਜੀ.ਪੀ.ਸੀ. ਦੇ ਦਫ਼ਤਰ ਵਿਖੇ ਹੋਏ ਇਕ ਸਾਦਾ ਸਮਾਰੋਹ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਚੇਅਰ ਸਥਾਪਤ ਕਰਨ ਦੇ ਚੰਗੇ ਉਦੇਸ਼ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ ਬੂਟਾ ਸਿੰਘ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਸ੍ਰੀ ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਚੇਅਰ ਕਰਨ ਲਈ ਐਮ.ਆਰ.ਐਸ.ਪੀ.ਟੀ.ਯੂ. ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸ੍ਰੀ ਲੌਂਗੋਵਾਲ ਨੇ ਕਿਹਾ, “ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੂਰਅੰਦੇਸ਼ੀ ਫਲਸਫ਼ਾ ਅਤੇ ਸਿੱਖਿਆਵਾਂ ਮਨੁੱਖਤਾ ਲਈ ਅੱਜ ਵੀ ਬਹੁਤ ਮਹੱਤਵਪੂਰਨ ਹਨ,” ਸ੍ਰੀ ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਤੇ ਸਿੱਖਿਆਵਾਂ ਦਾ ਪ੍ਰਚਾਰ ਕਰਨ ਅਤੇ ਚੇਅਰ ਦੇ ਕਾਰਜ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ । ਇਸ ਮੌਕੇ ਸੀਨੀਅਰ ਐਸ.ਜੀ.ਪੀ.ਸੀ. ਮੈਂਬਰ, ਗੁਰਚਰਨ ਸਿੰਘ ਗਰੇਵਾਲ, ਪੀ.ਆਰ.ਓ. ਹਰਭਜਨ ਸਿੰਘ ਵਕਤਾ ਅਤੇ ਐਸ.ਜੀ.ਪੀ.ਸੀ. ਅਹੁਦੇਦਾਰ ਗੁਰਪ੍ਰੀਤ ਸਿੰਘ ਝੱਬਰ ਮੌਜੂਦ ਸਨ।