ਅੰਮ੍ਰਿਤਸਰ, 26 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:
ਸੰਵਿਧਾਨ ਦਿਵਸ ‘ਤੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਵੱਲੋਂ ਜ਼ਿਲਾ ਪ੍ਰੀਸ਼ਦ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਵਿਧਾਨ ਦੀ ਪਾਲਣਾ ਕਰਨ ਹਿੱਤ ਸਹੁੰ ਚੁਕਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਦਕਰ ਜੀ ਨੇ ਹਰੇਕ ਵਰਗ ਨੂੰ ਮੁੱਖ ਰੱਖਕੇ ਸੰਵਿਧਾਨ ਦੀ ਰਚਨਾ ਕੀਤੀ ਸੀ।
ਉਨਾਂ ਕਿਹਾ ਕਿ 26 ਨਵੰਬਰ ਦਾ ਦਿਨ ਭਾਰਤ ਦੇ ਸੰਵਿਧਾਨ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ ਅਤੇ ਭਾਰਤ ਦਾ ਸੰਵਿਧਾਨ ਵਿਸ਼ਵ ਦੇ ਲੋਕਤਾਂਤਰਿਕ ਦੇਸ਼ਾਂ ਵਿੱਚ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ। ਉਨਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਹਰੇਕ ਵਿਅਕਤੀ ਨੂੰ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਾਡੇ ਸੰਵਿਧਾਨ ਦੇ ਤਿੰਨ ਮੁੱਖ ਥੰਮ ਹਨ ਆਜ਼ਾਦੀ, ਸਮਾਨਤਾ ਅਤੇ ਭਾਈਚਾਰਾ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸੰਵਿਧਾਨ ਵਿਚ ਦਿੱਤੇ ਅਧਿਕਾਰਾਂ ਦੇ ਨਾਲ ਨਾਲ ਆਪਣੇ ਕਰਤਵਾਂ ਦਾ ਵੀ ਪਾਲਣਾ ਕਰੀਏ।
ਇਸ ਮੌਕੇ ਸ: ਸੁਖਜਿੰਦਰ ਸਿੰਘ ਸੁਪਰਡੈਂਟ, ਸ੍ਰੀਮਤੀ ਪਰਵਿੰਦਰ ਕੌਰ ਸੁਪਰਡੈਂਟ, ਸ: ਬਲਵਿੰਦਰ ਸਿੰਘ ਸੁਪਰਡੈਂਟ, ਕਮਲ ਭਾਟੀਆ, ਬਲਵਿੰਦਰ ਭਾਟੀਆ, ਵਿਜੈ ਪਾਲ, ਮੈਡਮ ਰਨਦੀਪ ਕੌਰ, ਸ: ਪਰਮਿੰਦਰ ਸਿੰਘ ਤੋਂ ਇਲਾਵਾ ਦਫ਼ਤਰ ਡਿਪਟੀ ਕਮਿਸ਼ਨਰ ਦਾ ਸਟਾਫ ਹਾਜ਼ਰ ਸੀ।
ਤਸਵੀਰ:
ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਸੰਵਿਧਾਨ ਦਿਵਸ ਮੌਕੇ ਭਾਰਤੀ ਸੰਵਿਧਾਨ ਦੀ ਪਾਲਣਾ ਕਰਨ ਦੀ ਸਹੁੰ ਚੁਕਾਉਂਦੇ ਹੋਏ।