December 22, 2024

ਰੇਲ ਰੋਕੋ ਅੰਦੋਲਨ ਮਗਰੋਂ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਨਾਲ ਪਹਿਲੀ ਯਾਤਰੀ ਰੇਲ ਗੱਡੀ ਮੁੰਬਈ ਤੋਂ ਅੰਮਿ੍ਰਤਸਰ ਪੁੱਜੀ

0

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਾਰੀ ਰਾਤ ਹੁੰਦੀ ਰਹੀ ਕਿਸਾਨਾਂ ਕੋਲੋਂ ਰੇਲ ਲਈ ਰਸਤਾ ਲੈਣ ਦੀ ਕੋਸ਼ਿਸ਼

ਕਿਸਾਨਾਂ ਦੇ ਅੜੀਅਲ ਰਵੀਈਏ ਕਾਰਨ ਵਾਇਆ ਤਰਨਤਾਰਨ ਤੋਂ ਅੰਮਿ੍ਰਤਸਰ ਪਹੁੰਚੀ ਰੇਲ

ਅੰਮਿ੍ਰਤਸਰ, 24 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )

ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਬਿਲਾਂ ਵਿਰੁੱਧ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕਰਨ ਦੇ ਕੀਤੇ ਫੈਸਲੇ ਤੋਂ ਬਾਅਦ ਅੱਜ ਸਵੇਰੇ ਮੁੰਬਈ ਤੋਂ ਚੱਲੀ ਗੋਲਡਨ ਟੈਂਪਲ ਐਕਸਪ੍ਰੈਸ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਨਾਲ ਅੰਮਿ੍ਰਤਸਰ ਪਹੁੰਚ ਗਈ । ਕਿਸਾਨ ਮਜਦੂਰ ਯੂਨੀਅਨ ਜੋ ਕਿ ਬਾਕੀ ਯੂਨੀਅਨਾਂ ਤੋਂ ਵੱਖ ਹੋ ਕੇ ਰੇਲ ਰੋਕੋ ਅੰਦੋਲਨ ਨੂੰ ਜਾਰੀ ਰੱਖਣ ਲਈ ਡਟੀ ਹੋਈ ਹੈ, ਦੇ ਮੈਂਬਰ ਰਾਤ ਭਰ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਉਪਰ ਬੈਠੇ ਰਹੇ। ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ ਐਸ ਪੀ ਸ੍ਰੀ ਧੁਰਵ ਦਾਹੀਆ ਵੱਲੋਂ ਦੇਰ ਰਾਤ ਅਤੇ ਮੁੜ ਤੜਕੇ ਕਰੀਬ 4 ਵਜੇ ਜੰਡਿਆਲਾ ਰੇਲਵੇ ਸਟੇਸ਼ਨ ਉਤੇ ਪਹੁੰਚ ਕੇ ਪਟੜੀ ਉਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੰਜਾਬ ਦੇ ਹਿੱਤਾਂ ਅਤੇ ਮੁਸਾਫਰਾਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਰੇਲ ਗੱਡੀ ਨੂੰ ਰਸਤਾ ਦੇਣ ਦੀ ਅਪੀਲ ਕੀਤੀ ਗਈ, ਪਰ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਆਪਣੀ ਗੱਲ ਉਤੇ ਅੜੇ ਰਹੇ।

ਉਨਾਂ ਵੱਲੋਂ ਰਸਤਾ ਨਾ ਦੇਣ ਉਤੇ ਡਿਪਟੀ ਕਮਿਸ਼ਨਰ ਸ. ਖਹਿਰਾ ਵੱਲੋਂ ਰੇਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਿਆਸ ਸਟੇਸ਼ਨ ਉਤੇ ਰੇਲ ਗੱਡੀ ਨੂੰ ਰੋਕ ਲਿਆ ਗਿਆ। ਡਿਪਟੀ ਕਮਿਸ਼ਨਰ ਸ. ਖਹਿਰਾ, ਐਸ ਐਸ ਪੀ ਸ੍ਰੀ ਦਾਹੀਆ, ਐਸ ਡੀ ਐਮ ਸ੍ਰੀ ਵਿਕਾਸ ਹੀਰਾ ਅਤੇ ਹੋਰ ਅਧਿਕਾਰੀ ਵੀ ਕਰੀਬ 6 ਵਜੇ ਬਿਆਸ ਸਟੇਸ਼ਨ ਪੁੱਜੇ। ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਸਾਫਰਾਂ ਨੂੰ ਅੰਮਿ੍ਰਤਸਰ ਤੱਕ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਪਰ ਫਿਰ ਰੇਲਵੇ ਤਰਨਤਾਰਨ ਰਸਤੇ ਗੱਡੀ ਅੰਮਿ੍ਰਤਸਰ ਤੱਕ ਭੇਜਣ ਲਈ ਰਾਜੀ ਹੋ ਗਿਆ, ਜਿਸ ਕਾਰਨ ਇਹ ਗੱਡੀ ਵਾਇਆ ਤਰਨਤਾਰਨ ਹੁੰਦੀ ਕਰੀਬ ਪੌਣੇ ਨੌ ਵਜੇ ਅੰਮਿ੍ਰਤਸਰ ਪਹੁੰਚ ਗਈ, ਜਿਥੇ ਫਿਰ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ ਮੁਸਾਫਰਾਂ ਦੀ ਸਾਰ ਲੈਣ ਲਈ ਪਹੁੰਚੇ ਹੋਏ ਸਨ। ਇਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਸਾਫਰਾਂ ਲਈ ਚਾਹ-ਬਿਸਕੁਟ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨਾਂ ਨੂੰ ਘਰਾਂ ਤੱਕ ਛੱਡਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

           ਰੇਲਵੇ ਸਟੇਸ਼ਨ ਉਤੇ ਪ੍ਰੈਸ ਨਾਲ ਗੱਲਬਾਤ ਕਰਦੇ ਮੁਸਾਫਰਾਂ ਨੇ ਆਈ ਪਰੇਸ਼ਾਨੀ ਦਾ ਜ਼ਿਕਰ ਕਰਦੇ ਕਿਹਾ ਕਿ ਅਸੀ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ, ਪਰ ਇਸ ਤਰਾਂ ਰੇਲ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਜਾਇਜ਼ ਨਹੀ। ਬਹੁਤੇ ਮਸਾਫਿਰਾਂ ਦਾ ਤਰਕ ਸੀ ਕਿ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ, ਨਾ ਕਿ ਪੰਜਾਬ ਸਰਕਾਰ ਨਾਲ। ਇਸ ਲਈ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਜਾ ਕੇ ਹੀ ਸੰਘਰਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਵਿੱਤੀ ਨੁਕਸਾਨ ਨਾ ਹੋਵੇ। ਇਸ ਮੌਕੇ ਸੂਰਤ ਤੋਂ ਆਏ ਸਿੰਧੀ ਪਰਿਵਾਰ ਦੇ 7 ਮੈਂਬਰਾਂ, ਜੋ ਕਿ ਕੋਰੋਨਾ ਸੰਕਟ ਅਤੇ ਰੇਲ ਰੋਕੋ ਅੰਦੋਲਨ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ, ਨੇ ਵੀ ਕਿਸਾਨਾਂ ਨਾਲ ਗਿਲ੍ਹਾ ਕਰਦੇ ਕਿਹਾ ਕਿ ਅਸੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਬੜੀ ਉਤਸਤਕਾ ਨਾਲ ਆਏ ਹਨ। ਜੇਕਰ ਕਿਸਾਨਾਂ ਵੱਲੋਂ ਰੇਲ ਪਟੜੀ ਨਾ ਰੋਕੀ ਹੁੰਦੀ ਤਾਂ ਅਸੀ ਅੱਜ ਤੜਕੇ ਕਰੀਬ 6 ਵਜੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਪਰ ਹੁਣ ਕਰੀਬ ਚਾਰ ਘੰਟੇ ਦੇਰੀ ਨਾਲ ਪਹੁੰਚੇ ਹੋਣ ਕਾਰਨ ਥੱਕੇ ਮਹਿਸੂਸ ਕਰ ਰਹੇ ਹਾਂ।

??????????

ਉਨਾਂ ਵੀ ਕਿਸਾਨਾਂ ਮੰਗਾਂ ਦਾ ਸਮਰਥਨ ਕਰਦੇ ਸੰਘਰਸ਼ ਦਾ ਢੰਗ-ਤਰੀਕਾ ਬਦਲਣ ਦੀ ਅਪੀਲ ਕੀਤੀ। ਇਸ ਮੌਕੇ ਅੰਮਿ੍ਰਤਸਰ ਸਟੇਸ਼ਨ ਉਤੇ ਡਿਪਟੀ ਕਮਿਸ਼ਨਰ ਨਾਲ ਐਸ ਐਸ ਪੀ ਸ੍ਰੀ ਧੁਰਵ ਦਾਹੀਆ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਤਹਿਸੀਲਦਾਰ ਸ੍ਰੀ ਪੀ. ਪੀ. ਐਸ ਗੁਰਾਇਆ, ਏ ਸੀ ਪੀ ਉਤਰੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ—- ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਉਤੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਕਿਸਾਨਾਂ ਨੂੰ ਮੁਸਾਫਿਰ ਰੇਲ ਲਈ ਰਸਤਾ ਦੇਣ ਦੀ ਅਪੀਲ ਕਰਦੇ ਹੋਏ। ਨਾਲ ਹਨ ਐਸ ਐਸ ਪੀ ਸ੍ਰੀ ਧੁਰਵ ਦਾਹੀਆ।

-ਬਿਆਸ ਰੇਲਵੇ ਸਟੇਸ਼ਨ ਉਤੇ ਪਹੁੰਚੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ।  ਨਾਲ ਹਨ ਐਸ ਐਸ ਪੀ ਸ੍ਰੀ ਧੁਰਵ ਦਾਹੀਆ।

Leave a Reply

Your email address will not be published. Required fields are marked *