ਗਊਂ ਤਸਕਰੀ, ਗਊਂ ਹੱਤਿਆ ਅਤੇ ਗਊਂ ਰੱਖਿਆ ‘ਤੇ ਪੰਜਾਬ ਗਊਂ ਸੇਵਾ ਕਮਿਸ਼ਨਰ ਸਖ਼ਤ
ਅਪਰਾਧੀਆਂ ‘ਤੇ ਕਮਿਸ਼ਨ ਦੀ ਪੈਨੀ ਨਜ਼ਰ -ਚੇਅਰਮੈਨ ਪੰਜਾਬ ਗਊਂ ਸੇਵਾ ਕਮਿਸ਼ਨ ***ਮਜੀਠਾ ਪੁਲਿਸ ਦੀ ਕੀਤੀ ਪ੍ਰਸੰਸਾ
ਅੰਮ੍ਰਿਤਸਰ 19 ਨਵੰਬਰ / ਨਿਊ ਸੁਪਰ ਭਾਰਤ ਨਿਊਜ਼—
ਪੰਜਾਬ ਗਊਂ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਜ਼ਿਲਾ ਪ੍ਰਸ਼ਾਸਨ ਨੂੰ ਗਊਂ ਤਸਕਰੀ ਅਤੇ ਗਊਂ ਹੱਤਿਆ ਤੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਨਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਰਾਜ ਵਿੱਚ ਗਊਂ ਹੱਤਿਆ ਅਤੇ ਗਊਂ ਤਸਕਰੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਅਪਾਰਾਧਿਕ ਸੋਚ ਰੱਖਣ ਵਾਲੇ ਵਿਅਕਤੀ ਗਊਂਧਨ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਕਮਿਸ਼ਨ ਇਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ।
ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਗਊਂ ਧਨ ਅਤੇ ਜਨਤਾ ਦੀ ਸੁਰੱਖਿਆ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਇਸੇ ਹੀ ਤਹਿਤ ਮਜੀਠਾ ਪੁਲਿਸ ਵਲੋਂ ਸਲਾਟਰਿੰਗ ਲਈ ਲਿਜਾਏ ਜਾ ਰਹੇ 19 ਗਊਂਧਨ ਦੇ ਟਰੱਕ ਬਰਾਮਦ ਕਰਕੇ ਡਰਾਈਵਰ ਅਤੇ ਕਲੀਨਰ ਨੂੰ ਗ੍ਰਿਫਤਾਰ ਕੀਤਾ ਹੈ। ਉਨਾਂ ਦੱਸਿਆ ਕਿ ਇਹ ਗ੍ਰਿਫਤਾਰ ਲੋਕ ਪਿੰਡ ਨਾਗਕਲਾਂ ਦਾ ਤੋਤਾ ਮਸੀਹ ਹੈ ਜੋ ਗਊਆਂ ਨੂੰ ਚੋਰੀ ਕਰਕੇ ਰਾਜ ਤੋਂ ਬਾਹਰ ਭੇਜਣ ਦੀ ਤਸਕਰੀ ਕਰਦਾ ਹੈ। ਉਨਾਂ ਦਸਿਆ ਕਿ ਇਨਾਂ ਵਲੋਂ ਰਾਜ ਵਿਚੋਂ ਗਊਂਆਂ ਚੋਰੀ ਕਰਕੇ ਬਾਹਰ ਤਸਕਰੀ ਲਈ ਭੇਜੀਆਂ ਜਾਦੀਆਂ ਸਨ। ਉਨਾਂ ਕਿਹਾ ਕਿ ਕਮਿਸ਼ਨ ਵਲੋਂ ਗਊਂਧਨ ਦੀ ਤਸਕਰੀ ਕਰਨ ਵਾਲੇ ਉਤੇ ਪੁਲਿਸ ਤੇ ਪ੍ਰਸ਼ਾਸਨ ਵਲੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਮਿਸ਼ਨ ਗੁਪਤ ਸੂਚਨਾ ਦੇ ਆਧਾਰ ਤੇ ਇਨਾਂ ਉਤੇ ਕਾਰਵਾਈ ਵੀ ਕਰ ਰਿਹਾ ਹੈ।
ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਜੇਕਰ ਇਹ ਅਪਰਾਧਿਕ ਕਿਸਮ ਦੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ ਤਾਂ ਇਨਾਂ ਨੂੰ ਕਾਨੂੰਨ ਅਨੁਸਾਰ ਸਜਾ ਵੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਮਿਸ਼ਨ ਦਾ ਕੰਮ ਗਊ ਸੁਰੱਖਿਆ ਕਾਨੂੰਨ ਨੂੰ ਕਾਇਮ ਰੱਖਣਾ ਹੈ ਤਾਂ ਜੋ ਰਾਜ ਦਾ ਸਰਵ ਧਰਮ, ਸਦਭਾਵ ਦਾ ਭਾਈਚਾਰਾ ਕਾਇਮ ਰੱਖਿਆ ਜਾ ਸਕੇ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਉਹ ਗਊ ਤਸਕਰੀ ਅਤੇ ਗਊਂ ਹੱਤਿਆ ਦੇ ਸਬੰਧ ਵਿੱਚ ਜਲਦੀ ਹੀ ਡੀ.ਜੀ.ਪੀ. ਪੰਜਾਬ ਨਾਲ ਮੀਟਿੰਗ ਕਰਨ ਜਾ ਰਹੇ ਹਨ ਤਾਂ ਜੋ ਰਾਜ ਪੁਲਿਸ ਵਲੋਂ ਸਪੈਸ਼ਲ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਗਊਂ ਤਸਕਰ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਧੁੰਧ ਦਾ ਫਾਇਦਾ ਉਠਾ ਕੇ ਇਨਾਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਉਨਾਂ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੁਲਿਸ ਦੀ ਸਖ਼ਤੀ ਅਤੇ ਤੁਰੰਤ ਕਾਰਵਾਈ ਨਾਲ ਹੀ ਮਜੀਠਾ ਪੁਲਿਸ ਵਲੋਂ ਇਨਾਂ ਤਸਕਰਾਂ ਨੂੰ ਫੜਿਆ ਜਾ ਸਕਿਆ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਰਾਜ ਭਰ ਵਿਚ ਚਲ ਰਹੀਆਂ ਗਉਂਸ਼ਾਲਾਵਾਂ ਦਾ ਅਚਾਨਕ ਨਿਰਖੀਣ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਕਿਸੇ ਵੀ ਤਰਾਂ ਦੀ ਗਊਧਨ ਦੀ ਸੇਵਾ, ਸੁਰੱਖਿਆ ਅਤੇ ਮੈਡੀਕਲ ਵਿਚ ਕਮੀ ਪਾਏ ਜਾਣ ਤੇ ਇਨਾਂ ਗਊਂਸ਼ਾਲਾ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਫਾਇਲ ਫੋਟੋ : ਸ੍ਰੀ ਸਚਿਨ ਸ਼ਰਮਾ ਚੇਅਰਮੈਨ ਪੰਜਾਬ ਗਊਂ ਸੇਵਾ ਕਮਿਸ਼ਨ