November 25, 2024

ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਚੌਗਿਰਦਾ ਸਾਫ-ਸੁਥਰਾ ਕਰਨ ਦੀਆਂ ਹਦਾਇਤਾਂ ***ਮੌਕੇ ਉਤੇ ਜਾ ਕੇ ਲਿਆ ਕਾਰ ਪਾਰਕਿੰਗ, ਗਲੀਆਂ ਅਤੇ ਗਲਿਆਰਾ ਦਾ ਜਾਇਜ਼ਾ

0

ਅੰਮ੍ਰਿਤਸਰ, 18 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )-

ਸ੍ਰੀ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਦੇ ਚੌਗਿਰਦੇ ਦੀ ਦੇਖ-ਭਾਲ ਵਿਚ ਲੱਗੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ਉਤੇ ਜਾ ਕੇ ਲੋੜੀਂਦੇ ਕਦਮ ਚੁੱਕਣ ਤੇ ਗਲਿਆਰੇ ਸਮੇਤ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ਨੂੰ ਕਚਰਾ ਮੁਕਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਸ. ਖਹਿਰਾ ਨੇ ਖ਼ੁਦ ਕਾਰ ਪਾਰਕਿੰਗ, ਬਾਥਰੂਮ, ਰਸਤੇ, ਦੁਕਾਨਾਂਦਾਰਾਂ ਵੱਲੋਂ ਕੀਤੇ ਕਬਜ਼ੇ ਅਤੇ ਗਲੀਆਂ ਦੀ ਹਾਲਤ ਵੇਖੀ ਅਤੇ ਸਾਰੇ ਵਿਭਾਗਾਂ ਨੂੰ ਇਸ ਵਿਚ ਵਿਆਪਕ ਸੁਧਾਰ ਲਿਆਉਣ ਦੀਆਂ ਹਦਾਇਤਾਂ ਕੀਤੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਫਿਲਹਾਲ ਮੇਰਾ ਪਹਿਲਾ ਦੌਰਾ ਹੈ, ਪਰ ਮੈਂ ਹੁਣ ਹਰ ਦੋ ਮਹੀਨਿਆਂ ਬਾਅਦ ਇਸ ਰਸਤੇ ਤੇ ਚੌਗਿਰਦੇ ਦੀ ਸਾਰ ਲੈਣ ਲਈ ਮੌਕੇ ਉਤੇ ਪਹੁੰਚਾਂਗਾ।

ਸ. ਖਹਿਰਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਾਡਾ ਵੱਡਾ ਤੀਰਥ ਹੀ ਨਹੀਂ, ਬਲਕਿ ਸ਼ਹਿਰ ਵਿਚ ਵੱਧ ਰਹੇ ਧਾਰਮਿਕ ਟੂਰਜ਼ਿਮ ਦਾ ਵੀ ਮੁੱਖ ਕਾਰਨ ਵੀ ਹੈ। ਸ੍ਰੀ ਦਰਬਾਰ ਦੇ ਦਰਸ਼ਨਾਂ ਨੂੰ ਆਉਂਦੇ ਸ਼ਰਧਾਲੂਆਂ ਕਾਰਨ ਇਥੋਂ ਦੀ ਸੈਰ ਸਪਾਟਾ ਸਨਅਤ ਵੱਧ ਫੁੱਲ ਰਹੀ ਹੈ, ਸੋ ਇਸ ਦੇ ਆਲੇ ਦੁਆਲੇ ਦਾ ਧਿਆਨ ਰੱਖਣਾ ਵੀ ਸਾਡਾ ਸਾਰਿਆਂ ਦਾ ਫਰਜ਼ ਹੈ। ਉਨਾਂ ਕਿਹਾ ਕਿ ਬਤੌਰ ਡਿਪਟੀ ਕਮਿਸ਼ਨਰ ਇਹ ਕੰਮ ਕੇਵਲ ਮੇਰਾ ਜਾਂ ਕਾਰਪੋਰੇਸ਼ਨ  ਦਾ ਹੀ ਨਹੀਂ, ਬਲਕਿ ਇਥੇ ਆਉਂਦੇ ਹਰ ਸ਼ਰਧਾਲੂ, ਦੁਕਾਨਦਾਰਾਂ ਦਾ ਵੀ ਹੈ, ਜੋ ਕਿ ਇਸ ਮੁਕੱਦਸ ਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ। ਉਨਾਂ ਕਿਹਾ ਕਿ ਜੇਕਰ ਆਪਾਂ ਸਾਰੇ ਇਸ ਦੀ ਸਾਫ-ਸਫਾਈ ਦਾ ਧਿਆਨ ਰੱਖਾਂਗੇ ਤਾਂ ਹੀ ਅਸੀਂ ਇਸ ਦੇ ਚੌਗਿਰਦੇ ਨੂੰ ਸਾਫ-ਸੁਥਰਾ ਰੱਖਾਂ ਸਕਾਂਗੇ।

ਸ. ਖਹਿਰਾ ਨੇ ਮੁੱਖ ਪਾਰਕਿੰਗ ਦਾ ਜਾਇਜ਼ਾ ਲੈਂਦੇ ਇਸ ਦੀ ਖਸਤਾ ਹਾਲਤ ਵੇਖੀ ਅਤੇ ਇਸ ਨੂੰ ਆਉਂਦੇ ਰਸਤੇ, ਕੰਪਲੈਕਸ ਵਿਚ ਲਾਇਟਾਂ ਦੀ ਘਾਟ, ਥਾਂ-ਥਾਂ ਖਿਲਰੀ ਗੰਦਗੀ, ਬਾਥਰੂਮਾਂ ਦੀ ਮਾੜੀ ਹਾਲਤ ਦਾ ਗੰਭੀਰ ਨੋਟਿਸ ਲੈਂਦੇ ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਇਥੇ ਕੰਮ ਕਰ ਰਹੇ ਠੇਕੇਦਾਰ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਹ ਸਾਡੇ ਸ਼ਹਿਰ ਦਾ ਸਭ ਤੋਂ ਅਹਿਮ ਸਥਾਨ ਹੈ, ਕਿਉਂਕਿ ਸਭ ਤੋਂ ਪਹਿਲਾਂ ਸ਼ਰਧਾਲੂ ਤੁਹਾਡੇ ਕੋਲ ਪਹੁੰਚਦਾ ਹੈ। ਇੱਥੇ ਗੱਡੀ ਖੜੀ ਕਰਕੇ ਉਹ ਅੱਗੇ ਜਾਂਦਾ ਹੈ, ਸੋ ਲੋੜ ਹੈ ਕਿ ਤੁਸੀਂ ਇਸ ਨੂੰ ਸਾਫ ਸੁਥਰਾ ਰੱਖੋ। ਉਨਾਂ ਇਸ ਪਾਰਕਿੰਗ ਨੂੰ ਰੰਗ ਕਰਨ, ਸੂਚਨਾ ਬੋਰਡ ਲਗਾਉਣ, ਬਾਥਰੂਮਾਂ ਨੂੰ ਸਾਫ ਕਰਨ, ਲਿਫਟ ਚਾਲੂ ਕਰਨ, ਗੱਡੀਆਂ ਖ਼ੜੀਆਂ ਕਰਨ ਲਈ ਫਰਸ਼ ਉਤੇ ਲਾਇਨਾਂ ਲਗਾਉਣ, ਵਧੀਆ ਲਾਇਟਾਂ ਲਗਾਉਣ ਆਦਿ ਦੇ ਨਿਰਦੇਸ਼ ਦਿੱਤੇ।

ਉਨਾਂ ਵਿਰਾਸਤੀ ਗਲੀ ਵਿਚ ਲੱਗੇ ਬੁਤਾਂ ਦੀ ਸਾਫ ਸਫਾਈ ਕਰਨ ਦੇ ਪੌਦਿਆਂ ਦੀ ਸਾਂਭ-ਸੰਭਾਲ ਕਰਨ ਦੀ ਹਦਾਇਤ ਵੀ ਕੀਤੀ। ਸ. ਖਹਿਰਾ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਉਤੇ ਕਾਰੋਬਾਰ ਕਰਦੇ ਦੁਕਾਨਦਾਰਾਂ ਨੂੰ ਮੌਕੇ ਉਤੇ ਜਾ ਕੇ ਅਪੀਲ ਵੀ ਕੀਤੀ ਕਿ ਉਹ ਆਪਣਾ ਸਮਾਨ ਆਪਣੀ ਦੁਕਾਨ ਤੱਕ ਸੀਮਤ ਰੱਖਣ, ਨਾ ਕਿ ਗਲੀ ਵਿਚ ਲਟਕਾ ਕੇ ਜਾਂ ਰੱਖਕੇ ਨਾਜ਼ਾਇਜ਼ ਕਬਜ਼ੇ ਕਰਨ। ਉਨਾਂ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਦੀ ਅਪੀਲ ਤੋਂ ਬਾਅਦ ਇਨਾਂ ਤੇ ਸਖਤੀ ਨਾਲ ਨਜ਼ਰ ਰੱਖੀ ਜਾਵੇ ਅਤੇ ਹਰੇਕ ਦੁਕਾਨਦਾਰ ਨੂੰ ਆਪਣੀ ਹੱਦ ਵਿਚ ਰਹਿੰਦੇ ਹੋਈ ਹੀ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਸ. ਖਹਿਰਾ ਨਾਲ ਇਸ ਮੌਕੇ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ, ਏ ਡੀ ਸੀ ਪੀ ਟ੍ਰੈਫਿਕ ਸ. ਪਰਮਿੰਦਰਪਾਲ ਸਿੰਘ ਭੰਡਾਲ, ਐਕਸੀਅਨ ਗੁਰਪ੍ਰੀਤ ਸਿੰਘ, ਇੰਸਪੈਕਟਰ ਸ੍ਰੀ ਅਨੂਪ ਸੈਣੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ ::ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਅਤੇ ਰਸਤੇ ਦਾ ਜਾਇਜ਼ਾ ਲੈਂਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ। ਨਾਲ ਹਨ ਸ੍ਰੀ ਸੰਦੀਪ ਰਿਸ਼ੀ, ਸ. ਪਰਮਿੰਦਰਪਾਲ ਸਿੰਘ ਭੰਡਾਲ ਤੇ ਹੋਰ।

Leave a Reply

Your email address will not be published. Required fields are marked *