ਅੰਮ੍ਰਿਤਸਰ, 13 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨਾ ਨੇ ਬੀਤੇ ਦਿਨੀਂ ਅੰਮ੍ਰਿਤਸਰ ਦੇ ਲੜਕੇ ਮਨਪ੍ਰੀਤ ਸਿੰਘ ਦੀ ਪਾਪੜ ਵੜੀਆਂ ਵੇਖਦੇ ਦੀ ਵੀਡੀਓ, ਜਿਸ ਵਿਚ ਉਹ ਵਾਧੂ ਪੈਸੇ ਲੈਣ ਤੋਂ ਇਨਕਾਰ ਕਰਦਾ ਵਿਖਾਈ ਦਿੱਤਾ ਸੀ, ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ, ਉਸ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਲੜਕੇ ਮਨਪ੍ਰੀਤ ਸਿੰਘ ਨੂੰ ਅਤੇ ਉਸਦੇ ਪਿਤਾ ਨੂੰ 5 ਲੱਖ ਰੁਪਏ ਦੀ ਐਫ.ਡੀ. ਭੇਂਟ ਕੀਤੀ।
ਇਸ ਮੌਕੇ ਬੋਲਦਿਆਂ ਸ: ਖਹਿਰਾ ਨੇ ਕਿਹਾ ਕਿ ਤੁਹਾਡੇ ਵਰਗੇ ਬੱਚੇ ਪੰਜਾਬੀਅਤ ਦੇ ਅਲੰਬਰਦਾਰ ਹਨ, ਜੋ ਕਿ ਆਪਣੀ ਮਿਹਨਤ ਨਾਲ ਕਮਾਈ ਕਰਕੇ ਆਪਣੇ ਪਰਿਵਾਰ ਦੀ ਰੋਟੀ ਚਲਾ ਰਹੇ ਹਨ। ਉਨਾਂ ਦੱਸਿਆ ਕਿ ਇਸ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਵੀ ਕਰਵਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਸ ਐਫ.ਡੀ. ਦਾ ਵਿਆਜ ਇਸ ਲੜਕੇ ਨੂੰ ਮਿਲਦਾ ਰਹੇਗਾ ਅਤੇ ਬਾਲਗ ਹੋਣ ਤੇ ਪੂਰੀ ਰਕਮ ਇਸਨੂੰ ਮਿਲ ਸਕੇਗੀ ਜਿਸ ਨਾਲ ਇਹ ਲੜਕਾ ਆਪਣੀ ਉੱਚ ਪੱਧਰੀ ਪੜਾਈ ਵੀ ਜਾਰੀ ਰੱਖ ਸਕੇਗਾ।
ਮਨਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਉਹ ਹੋਰ ਮਨ ਲਗਾ ਕੇ ਆਪਣੇ ਕਿੱਤੇ ਦੇ ਨਾਲ-ਨਾਲ ਪੜਾਈ ਵੀ ਕਰੇਗਾ ਤਾਂ ਜੋ ਉਸਦਾ ਪਰਿਵਾਰ ਵੀ ਆਰਥਿਕ ਤੌਰ ਉਤੇ ਮਜ਼ਬੂਤ ਹੋ ਸਕੇ। ਉਸਨੇ ਮੁੱਖ ਮੰਤਰੀ ਵੱਲੋਂ ਦਿੱਤੀ ਆਰਥਿਕ ਅਤੇ ਮਾਨਸਿਕ ਸਹਾਇਤਾ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ: ਸਤਿੰਦਰਬੀਰ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਦੀ ਐਫ.ਡੀ. ਭੇਂਟ ਕਰਦੇ ਹੋਏ। ਨਾਲ ਹਨ ਸ: ਸਤਿੰਦਰਬੀਰ ਸਿੰਘ ਜ਼ਿਲਾ ਸਿੱਖਿਆ ਅਫ਼ਸਰ