ਕੈਬਨਿਟ ਮੰਤਰੀ ਸੋਨੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
***ਐਸ਼ੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਕੀਤਾ ਐਲਾਨ
***ਕੰਪਨੀ ਬਾਗ ਦੀ ਨੁਹਾਰ ਨੂੰ ਬਦਲਿਆ ਜਾਵੇਗਾ
ਅੰਮ੍ਰਿਤਸਰ 8 ਨਵੰਬਰ / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਸਟੇਟ ਲਾਅਨ ਟੈਨਿਸ ਐਸ਼ੋਸੀਏਸ਼ਨ ਕੰਪਨੀ ਬਾਗ ਵਿਖੇ ਟੈਨਿਸ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।
ਸ੍ਰੀ ਸੋਨੀ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਵਿਖੇ ਲਾਅਨ ਟੈਨਿਸ ਦੇ ਫਾਈਨਲ ਮੁਕਾਬਲੇ ਹੋਏ ਹਨ। ਉਨਾਂ ਦੱਸਿਆ ਕਿ ਵੰਡ ਤੋਂ ਪਹਿਲਾਂ ਲਾਹੌਰ ਵਿਖੇ ਲਾਅਨ ਟੈਨਿਸ ਦੇ ਐਸ਼ੋਸੀਏਸ਼ਨ ਹੁੰਦੇ ਸੀ ਜੋ ਬਾਅਦ ਵਿੱਚ ਅੰਮ੍ਰਿਤਸਰ ਵਿਖੇ ਆ ਕੇ ਪੰਜਾਬ ਸਟੇਟ ਲਾਅਨ ਐਸ਼ੋਸੀਏਸ਼ਨ ਬਣੀ। ਉਨਾਂ ਦੱਸਿਆ ਕਿ ਇਸ ਐਸ਼ੋਸੀਏਸ਼ਨ ਤੋਂ ਕਈ ਖਿਡਾਰੀ ਨੈਸ਼ਨਲ ਪੱਧਰ ਤੇ ਵੀ ਖੇਡੇ ਹਨ। ਸ੍ਰੀ ਸੋਨੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਖੇਡਾਂ ਦੇ ਨਾਲ ਹੀ ਅਸੀਂ ਸ਼ਰੀਰਕ ਤੌਰ ਤੇ ਹੀ ਨਹੀਂ ਬਲਕਿ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੁੰਦੇ ਹਾਂ।
ਸ੍ਰੀ ਸੋਨੀ ਨੇ ਐਸ਼ੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਕੰਪਨੀ ਬਾਗ ਦੀ ਨੁਹਾਰ ਨੂੰ ਬਦਲਿਆ ਜਾਵੇਗਾ ਅਤੇ 84 ਏਕੜ ਵਿੱਚ ਫੈਲੇ ਇਸ ਪਾਰਕ ਦੇ ਆਲੇ ਦੁਆਲੇ ਰੰਗ ਬਿਰੰਗੇ ਫੁੱਲ ਵੀ ਲਗਾਏ ਜਾਣਗੇ। ਉਨਾਂ ਕਿਹਾ ਕਿ ਸ਼ਹਿਰ ਦੇ ਅੰਦਰ ਤੇਜੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਆਉਂਦੇ ਕੁਝ ਹੀ ਮਹੀਨਿਆਂ ਵਿੱਚ ਸ਼ਹਿਰ ਦੀ ਨੁਹਾਰ ਨੂੰ ਵੀ ਬਦਲ ਦਿੱਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਨਗਰ ਨਿਗਮ ਦੇ ਮੇਅਰ ਸ: ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੰਪਨੀ ਬਾਗ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਖੜੋਤ ਆ ਗਈ ਸੀ, ਜਿਨਾਂ ਨੂੰ ਹੁਣ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਮੇਅਰ ਨੇ ਦੱਸਿਆ ਕਿ ਸਮਾਰਟ ਸਿਟੀ ਤਹਿਤ ਸ਼ਹਿਰ ਦੀ ਸਾਰੇ ਪਾਰਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵਿਕਾਸ ਦੇ ਕੰਮਾਂ ਵਿੱਚ ਕੋਈ ਵੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਸ: ਰਿੰਟੂ ਨੇ ਪੰਜਾਬ ਸਟੇਟ ਲਾਅਨ ਟੈਨਿਸ ਐਸ਼ੋਸੀਏਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਫਾਈਨਲ ਟੂਰਨਾਮੈਂਟ ਅੰਮ੍ਰਿਤਸਰ ਵਿਚ ਕਰਵਾਉਣਾ ਬਹੁਤ ਹੀ ਚੰਗਾ ਉਪਰਾਲਾ ਹੈ। ਉਨਾਂ ਐਸ਼ੋਸੀਏਸ਼ਨ ਨੂੰ ਵਿਸ਼ਵਾਸ ਦਵਾਇਆ ਕਿ ਹਰ ਸੰਭਵ ਮਦਦ ਪ੍ਰਸ਼ਾਸ਼ਨ ਵਲੋਂ ਕੀਤੀ ਜਾਵੇਗੀ।
ਇਸ ਮੌਕੇ ਐਸ਼ੋਸੀਏਸ਼ਨ ਦੇ ਸਕੱਤਰ ਸ: ਚਰਨਜੀਤ ਸਿੰਘ ਚੱਡਾ, ਪ੍ਰਧਾਨ ਸ: ਸਰਬਜੀਤ ਸਿੰਘ ਰਾਜੂ , ਸੀਨੀਅਰ ਵਾਇਜ ਪ੍ਰਧਾਨ ਹਰਪਿੰਦਰ ਸਿੰਘ ਗਿੱਲ, ਸ੍ਰੀ ਗਿਰੀਸ਼ ਅਹੁਜਾ, ਉਪ ਪ੍ਰਧਾਨ ਬੁਲੰਦ ਇਕਬਾਲ ਸਿੰਘ, ਸ੍ਰੀ ਵਿਨੋਦ ਅਗਰਵਾਲ, ਟੂਰਨਾਮੈਂਟ ਦੇ ਡਾਇਰੈਕਟਰ ਅਮਿਤ ਵਧਵਾ, ਸ: ਗੁਰਦੇਵ ਸਿੰਘ ਦਾਰਾ, ਸ: ਪਰਮਜੀਤ ਸਿੰਘ ਚੋਪੜਾ, ਸ: ਸਰਬਜੀਤ ਸਿੰਘ ਲਾਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਮੌਜੂਦ ਸਨ।
ਕੈਪਸ਼ਨ : ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਦੇ ਹੋਏ। ਨਾਲ ਹਨ ਮੇਅਰ ਨਗਰ ਨਿਗਮ ਅੰਮ੍ਰਿਤਸਰ ਸ: ਕਰਮਜੀਤ ਸਿੰਘ ਰਿੰਟੂ ਅਤੇ ਸਰਬਜੀਤ ਸਿੰਘ ਰਾਜੂ