ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੰਮਿ੍ਰਤਸਰ ਦੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਦਿੱਤੇ ਐਪਲ ਆਈਪੈਡ, ਲੈਪਟੌਪ ਤੇ ਐਂਡਰੌਇਡ ਟੈਬਲੇਟ
‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ’ਚ ਹਰਿਧਾਨ ਕਪੂਰ, ਸਮਰੀਨ ਕੌਰ ਅਤੇ ਸਰਕਾਰੀ ਸਕੂਲ ’ਚ ਪੜਦੇ ਰਾਹੁਲ ਨੇ ਅੰਮਿ੍ਰਤਸਰ ਜ਼ਿਲੇ ’ਚੋਂ ਕ੍ਰਮਵਾਰ ਜਿੱਤੇ ਪਹਿਲੇ ਤਿੰਨ ਇਨਾਮ
ਜੇਤੂਆਂ ਨੇ ਤਾਲਾਬੰਦੀ ਦੌਰਾਨ ਹੁਨਰ ਤਰਾਸ਼ਣ ਲਈ ਦਿਲਚਸਪ ਮੁਕਾਬਲਾ ਕਰਵਾਉਣ ਲਈ ਵਿਜੈ ਇੰਦਰ ਸਿੰਗਲਾ ਦਾ ਕੀਤਾ ਧੰਨਵਾਦ
ਅੰਮਿ੍ਰਤਸਰ / 30 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼
ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਅੰਮਿ੍ਰਤਸਰ ਜ਼ਿਲੇ ਦੇ ਜੇਤੂਆਂ ਦਾ ਐਪਲ ਆਈਪੈਡ, ਲੈਪਟੋਪ ਅਤੇ ਐਂਡਰੌਇਡ ਟੈਬਲੇਟ ਨਾਲ ਸਨਮਾਨ ਕੀਤਾ। ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਲੋਕ ਨਿਰਮਾਣ ਵਿਭਾਗ ਦੇ ਪਠਾਨਕੋਟ ਸਥਿਤ ਰੈਸਟ ਹਾਊਸ ਵਿਖੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸੰਖੇਪ ਇਨਾਮ ਵੰਡ ਸਮਾਰੋਹ ’ਚ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਸਿੰਗਲਾ ਨੇ ਜੇਤੂਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੀਆਂ ਸੋਚੀਆਂ ਮੰਜ਼ਿਲਾਂ ਸਰ ਕਰਨ ਲਈ ਭਵਿੱਖ ’ਚ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਵਿਸ਼ਵ ਰਿਕਾਰਡ ਸਥਾਪਤ ਕਰਨ ਵਾਲੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ’ਚ ਅੰਮਿ੍ਰਤਸਰ ਜ਼ਿਲੇ ’ਚੋਂ 13,862 ਵਿਦਿਆਰਥੀਆਂ ਨੇ ਪਸੰਦੀਦਾ ਵਿਸ਼ੇ ’ਤੇ ਵੀਡਿਓ ਬਣਾ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨਾਂ ’ਚੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਪੰਜਵੀਂ ਜਮਾਤ ’ਚ ਪੜਦੇ ਹਰਿਧਾਨ ਕਪੂਰ ਨੇ ਪਹਿਲਾ ਇਨਾਮ ਐਪਲ ਆਈਪੈਡ ਜਿੱਤੀ ਸੀ ਜਦਕਿ ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ’ਚ ਦਸਵੀਂ ਜਮਾਤ ’ਚ ਪੜਦੀ ਸਮਰੀਨ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਸੀ। ਇਸੇ ਤਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਆਸ ’ਚ 10ਵੀਂ ਜਮਾਤ ’ਚ ਪੜਦੇ ਰਾਹੁਲ ਕੁਮਾਰ ਨੇ ਤੀਜੇ ਇਨਾਮ ਵਜੋਂ ਐਂਡਰੌਇਡ ਟੈਬਲੇਟ ’ਤੇ ਕਬਜ਼ਾ ਕੀਤਾ ਸੀ। ਇਨਾਮ ਪ੍ਰਾਪਤ ਕਰਨ ਤੋਂ ਬਾਅਦ ਜੇਤੂਆਂ ਨੇ ਸ਼੍ਰੀ ਵਿਜੈ ਇੰਦਰ ਸਿੰਗਲਾ ਦਾ ਤਾਲਾਬੰਦੀ ਦੌਰਾਨ ਅਜਿਹਾ ਦਿਲਚਸਪ ਆਨਲਾਇਨ ਮੁਕਾਬਲਾ ਕਰਵਾਉਣ ਲਈ ਬੜੀ ਉਤਸੁਕਤਾ ਨਾਲ ਧੰਨਵਾਦ ਕੀਤਾ।
ਸਮਾਗਮ ਦੌਰਾਨ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵਿਸ਼ਵ ਰਿਕਾਰਡ ਸਥਾਪਿਤ ਕਰਨ ਦੇ ਨਾਲ-ਨਾਲ ‘ਅੰਬੈਸਡਰਜ਼ ਆਫ਼ ਹੋਪ’ ਮੁਹਿੰਮ ਨੇ ਸਕੂਲੀ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਦਾ ਆਪਣਾ ਮੰਤਵ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਉਨਾਂ ਦੱਸਿਆ ਕਿ ਸਿਰਫ਼ 8 ਦਿਨਾਂ ’ਚ ਹੀ ਇਸ ਮੁਕਾਬਲੇ ਲਈ 1,05,898 ਸਕੂਲੀ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਉਨਾਂ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਪ੍ਰਾਪਤ ਹੋਈਆਂ ਵੀਡਿਓਜ਼ ’ਚੋਂ ਜੇਤੂਆਂ ਦੀ ਚੋਣ ਕਰਨੀ ਬਹੁਤ ਮੁਸ਼ਕਿਲ ਸੀ ਪਰ ਇਹ ਕੰਮ ਬਹੁਤ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹਰ ਜ਼ਿਲੇ ’ਚ 3 ਜੇਤੂਆਂ ਨੂੰ ਆਈਪੈਡ, ਲੈਪਟੌਪ ਅਤੇ ਟੈਬਲੇਟ ਦੇਣ ਦੇ ਨਾਲ-ਨਾਲ ਸਾਰੇ 22 ਜ਼ਿਲਿਆਂ ’ਚੋਂ ਹੋਰ ਚੰਗੀਆਂ ਵੀਡਿਓਜ਼ ਭੇਜਣ ਵਾਲੇ ਲਗਭਗ 1,000 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹਰਿਧਾਨ ਕਪੂਰ ਨੇ ਦੱਸਿਆ ਕਿ ਉਹ ਬੜੀ ਤਨਦੇਹੀ ਨਾਲ ਇਨਾਮ ਮਿਲਣ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਹੱਥੋਂ ਇਨਾਮ ਮਿਲਣ ਕਰਕੇ ਇਹ ਦਿਨ ਉਸ ਲਈ ਸਦਾ ਲਈ ਯਾਦਗਾਰੀ ਬਣ ਗਿਆ ਹੈ। ਇਸੇ ਤਰਾਂ ਤੀਜਾ ਸਥਾਨ ਹਾਸਲ ਕਰਨ ਵਾਲੀ ਰਾਹੁਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਮਾਰਟ ਸਕੂਲ ਮੁਹਿੰਮ ਕਾਰਨ ਹੀ ਉਹ ਪ੍ਰਾਇਵੇਟ ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਹੋ ਸਕਿਆ ਹੈ ਕਿਉਕਿ ਆਪਣੇ ਸਕੂਲ ’ਚ ਮਿਲੀ ਤਕਨੀਕੀ ਸਿੱਖਿਆ ਤੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਸਦਕਾ ਹੀ ਉਸਨੇ ਮੁਕਾਬਲੇ ’ਚ ਤੀਜਾ ਸਥਾਨ ਜਿੱਤਿਆ ਹੈ।