ਭਗਵਾਨ ਵਾਲਮੀਕ ਦੇ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ 31 ਨੂੰ

***ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਅੰਮ੍ਰਿਤਸਰ, 29 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )-
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਭਗਵਾਨ ਵਾਲਮੀਕ ਦੇ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ 31 ਅਕਤੂਬਰ ਨੂੰ ਰਾਜ ਭਰ ਵਿਚ ਮਨਾਇਆ ਜਾ ਰਿਹਾ ਹੈ, ਜਿਸਦਾ ਰਾਜ ਪੱਧਰੀ ਸਮਾਗਮ ਰਾਮਤੀਰਥ ਵਿਖੇ ਹੋਵੇਗਾ। ਇਸ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਟਰਨੈਟ ਜ਼ਰੀਏ ਸੰਗਤਾਂ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦੇਣਗੇ ਅਤੇ ਸੰਬੋਧਨ ਕਰਨਗੇ। ਉਕਤ ਸਬਦਾਂ ਦਾ ਪ੍ਰਗਟਾਵਾ ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਰਦੇ ਦੱਸਿਆ ਕਿ ਇਸ ਦਿਨ ਪੰਜਾਬ ਭਰ ਵਿਚ ਸੌ ਤੋਂ ਵੱਧ ਸਥਾਨਾਂ ਉਤੇ ਸੰਗਤਾਂ ਆਨ-ਲਾਇਨ ਸਮਾਗਮ ਵਿਚ ਸ਼ਮੂਲੀਅਤ ਕਰਨਗੀਆਂ।

ਉਨਾਂ ਇਸ ਮੌਕੇ ਪਤਿਵਤਰ ਸਥਾਨ ਉਤੇ ਮੱਥਾ ਟੇਕਿਆ ਅਤੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਵਾਲਮੀਕ ਦੇ ਇਸ ਪਵਿਤਰ ਦਿਹਾੜੇ ਮੌਕੇ ਸ੍ਰੀ ਰਾਮਤੀਰਥ ਵਿਖੇ ਸਰਕਾਰੀ ਆਈ ਟੀ ਆਈ ਅਤੇ ਪੋਨੋਰਮਾ ਦੀ ਵੀ ਸ਼ੁਰੂਆਤ ਕਰਨਗੇ। ਉਨਾਂ ਦੱਸਿਆ ਕਿ ਮੁੱਖ ਮੰਤਰੀ ਰਾਮ ਤੀਰਥ ਸਥਿਤ ਭਗਵਾਨ ਵਾਲਮੀਕ ਤੀਰਥ ਸਥਲ ਦੇ ਸੁੰਦਰੀਕਰਨ ਲਈ 55 ਕਰੋੜ ਰੁਪਏ ਦੇ ਵਾਧੂ ਫੰਡਾਂ ਦੀ ਪ੍ਰਵਾਨਗੀ ਦੇ ਚੁੱਕੇ ਹਨ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਇਸ ਇਤਿਹਾਸਕ ਅਸਥਾਨ ਨੂੰ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨਾਂ ਦੱਸਿਆ ਕਿ ਇਹ ਫੰਡ ਪਹਿਲਾਂ ਹੀ ਇਸ ਵੱਕਾਰੀ ਪ੍ਰਾਜੈਕਟ ਉਤੇ ਖਰਚ ਕੀਤੇ ਜਾ ਚੁੱਕੇ 195.76 ਕਰੋੜ ਰੁਪਏ ਤੋਂ ਵੱਖਰੇ ਹਨ। ਉਨਾਂ ਕਿਹਾ ਦੁਨੀਆਂ ਭਰ ਤੋਂ ਆਉਂਦੇ ਸਾਰੇ ਧਰਮਾਂ ਦੇ ਸ਼ਰਧਾਲੂਆਂ ਲਈ ਇਸ ਸਥਾਨ ਉਤੇ 30 ਕਰੋੜ ਰੁਪਏ ਨਾਲ ਪੈਨੋਰਾਮਾ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਮਹਾਂਕਾਵਿ ਰਮਾਇਣ ਦੀ ਰਚਨਾ ਕਰਨ ਵਾਲੇ ਭਗਵਾਨ ਵਾਲਮੀਕ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਇਆ ਜਾਵੇਗਾ। ਇਸ ਤੋਂ ਇਲਾਵਾ ਬਾਕੀ ਰਾਸ਼ੀ ਵੱਖ-ਵੱਖ ਵਿਕਾਸ ਕੰਮਾਂ ਉਤੇ ਖਰਚੀ ਜਾਵੇਗੀ ਜਿਨਾਂ ਵਿੱਚ ਸਰੋਵਰ ਦੀ ਸਾਫ ਸਫਾਈ ਲਈ ਸਥਾਪਤ ਕੀਤਾ ਜਾਣ ਵਾਲਾ ਪਲਾਂਟ, ਪਰਿਕਰਮਾ ਨੂੰ ਮੁਕੰਮਲ ਕਰਨਾ, ਇਸ ਅਸਥਾਨ ਦੇ ਬਾਹਰਵਾਰ ਦੇ ਸਥਾਨ ਦੀ ਰੌਸ਼ਨੀ, ਸ਼ਰਧਾਲੂਆਂ ਲਈ ਸਰਾਵਾਂ ਤਿਆਰ ਕਰਨਾ ਅਤੇ ਸੌਰ ਬਿਜਲੀ ਪ੍ਰਣਾਲੀ ਆਦਿ ਸ਼ਾਮਲ ਹਨ।

ਇਸ ਮੌਕੇ ਵਿਧਾਇਕ ਡਾ.ਰਾਜ ਕੁਮਾਰ ਵੇਰਕਾ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖ਼ਸੀ, ਵਿਭਾਗ ਦੇ ਡਾਇਰੈਟਰ ਸ. ਲਖਮੀਰ ਸਿੰਘ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਡਿਪਟੀ ਡਾਇਰੈਕਟਰ ਸ੍ਰੀ ਰਜਤ ਉਬਰਾਏ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਰਾਮਤੀਰਥ ਵਿਖੇ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ।
ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਭਗਵਾਨ ਵਾਲਮੀਕਿ ਮੰਦਰ ਵਿਖੇ ਮੱਥਾ ਟੇਕਦੇ ਹੋਏ।