ਮਿਲਾਵਟਖੋਰਾਂ ਵਿਰੁੱਧ ਛੇੜਿਆ ਜਾਵੇ ਅਭਿਆਨ-ਡਿਪਟੀ ਕਮਿਸ਼ਨਰ
ਇੰਤਕਾਲਾਂ ਨੂੰ ਕਰਨਾ ਬਣਾਇਆ ਜਾਵੇ ਯਕੀਨੀ
***ਮਹੀਨਾਵਰ ਮੀਟਿੰਗਾਂ ਦੀ ਕੀਤੀ ਸਮੀਖਿਆ
ਅੰਮ੍ਰਿਤਸਰ, 27 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਮਹੀਨਾਵਰ ਮੀਟਿੰਗਾਂ ਦੇ ਕੰਮਾਂ ਦੀ ਸਮੀਖਿਆ ਕਰਨ ਲਈ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ ਅਨਮਜੋਤ ਕੌਰ, ਐਸ:ਡੀ:ਐਮਜ਼ ਸ੍ਰੀ ਵਿਕਾਸ ਹੀਰਾ, ਸ੍ਰੀ ਸ਼ਿਵਰਾਜ ਸਿੰਘ ਬੱਲ, ਮੈਡਮ ਅਲਕਾ ਕਾਲੀਆ, ਸ੍ਰੀਮਤੀ ਸੁਮਿਤ ਮੁਧ, ਸਿਵਲ ਸਰਜਨ ਨਵੀਦਪ ਸਿੰਘ, ਜਿਲਾ ਸਿਹਤ ਅਫਸਰ ਡਾ: ਅਮਨਦੀਪ ਸਿੰਘ , ਡਿਪਟੀ ਮੈਡੀਕਲ ਕਮਿਸ਼ਨਰ ਡਾ: ਇੰਦਰਮੋਹਨ ਗੁਪਤਾ, ਜਿਲਾ ਸਿਖਿਆ ਅਫਸਰ ਸ੍ਰੀ ਸਤਿੰਦਰਬੀਰ ਸਿੰਘ, ਉਪ ਜਿਲਾ ਸਿਖਿਆ ਅਫਸਰ ਮੈਡਮ ਰੇਖਾ ਮਹਾਜਨ, ਜਿਲਾ ਮਾਲ ਅਫਸਰ ਮੁਕੇਸ਼ ਸ਼ਰਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰ ਖਹਿਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਤਿਓਹਾਰੀ ਸੀਜਨ ਸ਼ੁਰੂ ਹੋ ਚੁੱਕਾ ਹੈ ਅਤੇ ਕਈ ਦੁਕਾਨਦਾਰਾਂ ਵੱਲੋਂ ਮਠਿਆਈਆਂ ਰੰਗ ਬਿਰੰਗੇ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਸਿਹਤ ਲਈ ਕਾਫੀ ਨੁਕਸਾਨਦਾਇਕ ਹੈ। ਉਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਿਲਾਵਟਖੋਰਾਂ ਵਿਰੁੱਧ ਇਕ ਅਭਿਆਨ ਛੇੜਣ ਅਤੇ ਮਿਲਾਵਟਖੋਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਡੇਂਗੂ ਦੇ ਡੰਕ ਨੂੰ ਰੋਕਣ ਲਈ ਲਗਾਤਾਰ ਸ਼ਹਿਰ ਵਿੱਚ ਫਾਗਿੰਗ ਕਰਵਾਈ ਜਾਵੇ ਅਤੇ ਘਰਾਂ, ਦਫਤਰਾਂ ਦੀ ਚੈਕਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕਿਤੇ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਮਾਲ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜਮੀਨਾਂ ਦੇ ਇੰਤਕਾਲਾਂ ਨੂੰ ਸਮੇਂ ਸਿਰ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਮੇਂ ਸਮੇਂ ਸਿਰ ਤੇ ਨਿਸ਼ਾਨਦੇਹੀ ਮੁਕੰਮਲ ਕੀਤੀਆਂ ਜਾਣ। ਉਨਾਂ ਨੇ ਮਾਲ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉੋਹ ਸਮੇਂ ਸਮੇਂ ਸਿਰ ਮਾਲ ਵਿਭਾਗ ਦੇ ਰਿਕਾਰਡ ਨੂੰ ਚੈਕ ਕਰਨ ਅਤੇ ਜੇਕਰ ਉਸ ਵਿੱਚ ਕੋਈ ਊਣਤਾਈ ਪਾਈ ਜਾਂਦੀ ਹੈ ਤਾਂ ਤੁਰੰਤ ਧਿਆਨ ਵਿੱਚ ਲਿਆਉਣ।
ਸਿਖਿਆ ਵਿਭਾਗ ਦੇ ਕੰਮਾਂ ਦੀ ਸਮੀਖਿਆ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਸਕੂਲੀ ਬੱਚਿਆਂ ਨੂੰ ਯੂਨੀਫਾਰਮ ਦੇ ਨਾਲ ਨਾਲ ਸਵੈਟਰ ਵੀ ਮੁਹੱਈਆ ਕਰਵਾਏ ਜਾਣ। ਇਸ ਮੌਕੇ ਜਿਲਾ ਸਿਖਿਆ ਅਫਸਰ ਸ੍ਰ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੌਰਾਨ ਅਧਿਆਪਕਾਂ ਵੱਲੋਂ ਪੜਾਈ ਲਈ ਬੱਚਿਆਂ ਤੱਕ ਪਹੁੰਚ ਕੀਤੀ ਗਈ ਸੀ ਅਤੇ ਉਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ ਬੱਚਿਆਂ ਨੂੰ ਪੜਾਈ ਨਾਲ ਜੋੜਣ ਲਈ ਦੂਰਦਰਸ਼ਨ ਤੇ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਨਾਲ 38 ਫੀਸਦੀ ਤੋਂ ਜਿਆਦਾ ਬੱਚਿਆਂ ਦੀ ਐਨਰੋਲਮੈਂਟ ਸਰਕਾਰੀ ਸਕੂਲਾਂ ਵਿੱਚ ਹੋਈ ਹੈ। ਉਪ ਜਿਲਾ ਸਿਖਿਆ ਅਫਸਰ ਪ੍ਰਾਇਮਰੀ ਸ੍ਰੀਮਤੀ ਰੇਖਾ ਮਹਾਜਨ ਨੇ ਦੱਸਿਆ ਕਿ ਜਿਲੇ ਵਿੱਚ 832 ਦੇ ਕਰੀਬ ਪ੍ਰਾਇਮਰੀ ਸਕੂਲ ਹਨ ਜਿੰਨਾਂ ਵਿੱਚ 816 ਸਕੂਲ ਪੂਰੀ ਤਰਾਂ ਸਮਾਰਟ ਸਕੂਲ ਬਣ ਚੁੱਕੇ ਹਨ। ਉਨਾਂ ਦੱਸਿਆ ਕਿ 46 ਪ੍ਰਾਇਮਰੀ ਸਕੂਲਾਂ ਨੂੰ ਪੂਰੀ ਤਰਾਂ ਮੋਡੀਫਾਈ ਕਰਕੇ ਐਲ:ਈ:ਡੀ ਪ੍ਰਾਜੈਕਟਰ, ਸੀ:ਸੀ:ਟੀ:ਵੀ ਕੈਮਰੇ, ਨਵੇਂ ਕਲਾਸ ਰੂਮ ਬਣਾਏ ਗਏ ਹਨ ਅਤੇ ਬੱਚਿਆਂ ਲਈ ਪਖਾਨਿਆਂ ਦਾ ਨਿਰਮਾਣ ਵੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕੋਵਿਡ 19 ਦੌਰਾਨ ਬੱਚਿਆਂ ਨੂੰ ਮਿਡ ਡੇ ਮੀਲ ਦਾ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਗਿਆ ਅਤੇ ਸਮੇਂ ਸਮੇਂ ਸਿਰ ਇਸ ਦੀ ਗੁਣਵੱਤਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਸ੍ਰੀਮਤੀ ਰੇਖਾ ਮਹਾਜਨ ਨੇ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਯੂਨੀਫਾਰਮ ਦੇ ਨਾਲ ਨਾਲ ਮਾਸਕ ਵੀ ਦਿੱਤੇ ਜਾ ਰਹੇ ਹਨ।
ਕੈਪਸ਼ਨ : ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮਹੀਨਾਵਾਰ ਮੀਟਿੰਗਾਂ ਵਿੱਚ ਕੰਮਾਂ ਦੀ ਸਮੀਖਿਆ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਸ੍ਰੀ ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਵਧੀਕ ਡਿਪਟੀ ਕਮਿਸ਼ਨਰ।