December 26, 2024

ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਮਿਲੀ ਪਲਾਜ਼ਮਾ ਥੈਰੇਪੀ ਰਾਹੀਂ ਕੋਰੋਨਾ ਮਰੀਜ਼ਾਂ ਦੇ ਇਲਾਜ ਕਰਨ ਦੀ ਪ੍ਰਵਾਨਗੀ- ਸੋਨੀ

0

*ਕੁਝ ਦਿਨਾਂ ਵਿੱਚ ਇਲਾਜ ਸ਼ੁਰੂ ਕਰ ਦੇਵੇਗਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ

ਅੰਮ੍ਰਿਤਸਰ / 21 ਜੂਨ / ਨਿਊ ਸੁਪਰ ਭਾਰਤ ਨਿਊਜ

ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਪੰਜਾਬ ਮਿਸ਼ਨ ਫਤਿਹ ਵੱਲ ਵੱਧ ਰਿਹਾ ਹੈ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਪਲਾਜ਼ਮਾ ਥੈਰੇਪੀ ਰਾਹੀਂ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਪਲਾਜ਼ਮਾ ਥੈਰੇਪੀ ਰਾਹੀਂ ਇੱਥੇ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਪਲਾਜ਼ਮਾ ਥੈਰੇਪੀ ਰਾਹੀਂ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਕਰਨ ਲਈ ਪਹਿਲਾਂ ਹੀ ਤਿਆਰੀਆਂ ਮੁਕੰਮਲ ਕਰ ਚੁੱਕਾ ਹੈ ਅਤੇ ਛੇਤੀ ਹੀ ਇਸ ਵਿਧੀ ਰਾਹੀਂ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਕੋਲ ਇਸ ਸਬੰਧੀ ਲੋੜੀਂਦਾ ਬੁਨਿਆਦੀ ਢਾਂਚਾ, ਯੋਗ ਮਰੀਜ਼ ਅਤੇ ਪਲਾਜ਼ਮਾ ਡੋਨਰ ਮੌਜੂਦ ਹਨ, ਜਿਸ ਸਦਕਾ ਉਹ ਇਸ ਵਿਧੀ ਰਾਹੀਂ ਇਲਾਜ ਕਰਨ ਵਿੱਚ ਪੂਰੀ ਤਰਾਂ ਸਮਰੱਥ ਹਨ।

ਸ੍ਰੀ ਸੋਨੀ ਨੇ ਦੱਸਿਆ ਕਿ ਸੂਬੇ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ. ਕੇ. ਤਿਵਾੜੀ (ਆਈ ਏ ਐਸ), ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ  ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਅਤੇ ਡਾ. ਜਤਿੰਦਰ ਸਿੰਘ ਪ੍ਰੋਫੈਸਰ ਐਮੀਰੇਟਸ ਅਤੇ ਮੈਂਬਰ ਸਕੱਤਰ ਆਈ.ਈ.ਸੀ., ਡਾ. ਨੀਰਜ ਸ਼ਰਮਾ, ਪ੍ਰੋਫੈਸਰ, ਮੁਖੀ ਟਰਾਂਸਫਿਊਸ਼ਨ ਮੈਡੀਸਨ ਵਿਭਾਗ, ਡਾ. ਰੰਜਨਾ ਖੇਤਰਪਾਲ, ਪ੍ਰੋਫੈਸਰ ਐਨਸਥੀਸੀਆ ਅਤੇ ਕਰੀਟੀਕਲ ਕੇਅਰ ਦੇ ਬਹੁਤ ਹੀ ਸੁਹਿਰਦ ਯਤਨਾਂ ਨਾਲ ਇਹ ਪ੍ਰਵਾਨਗੀ ਆਈ ਸੀ ਐਮ ਆਰ ਤੋਂ ਮਿਲੀ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਆਈ. ਸੀ. ਐਮ. ਆਰ. ਵੱਲੋਂ ਕੌਮੀ ਕਲੀਨਿਕਲ ਟਰਾਇਲ ਅਧੀਨ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਨੂੰ ਪਲਾਜ਼ਮਾ ਥੈਰੇਪੀ ਰਾਹੀਂ ਇਲਾਜ ਕਰਨ ਦੀ ਪ੍ਰਵਾਨਗੀ ਮਿਲੀ ਸੀ ਅਤੇ ਇਸ ਥੈਰੇਪੀ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਇਕ ਮੋਹਰੀ ਇੰਸਟੀਚਿਊ ਬਣ ਗਿਆ ਹੈ । ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਪਲਾਜ਼ਮਾ ਥੈਰੇਪੀ ਦੇ ਮੁੱਢਲੇ ਨਤੀਜੇ ਉਤਸ਼ਾਹਜਨਕ ਹਨ।

ਇਸ ਥੈਰੇਪੀ ਅਧੀਨ ਕੋਵਿਡ ਤੋਂ ਸਿਹਤਯਾਬ ਹੋਏ ਮਰੀਜ਼ ਦਾ ਪਲਾਜ਼ਮਾ ਲੈ ਕੇ ਸਟੋਰ ਕੀਤਾ ਗਿਆ ਸੀ। ਉਨਾਂ ਅੱਗੇ ਦੱਸਿਆ ਕਿ ਇਹ ਪਲਾਜ਼ਮਾ ਕੋਰੋਨਾ ਵਾਇਰਸ ਤੋਂ ਗੰਭੀਰ ਰੂਪ ਵਿੱਚ ਪੀੜਤ ਵਿਅਕਤੀ ਨੂੰ ਚੜਾਇਆ ਗਿਆ।ਪਲਾਜ਼ਮਾ ਥੈਰੇਪੀ ਤੋਂ ਬਾਅਦ ਮਰੀਜ਼ ਦੀ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਹ ਨਿਗਰਾਨੀ ਅਧੀਨ ਹੈ।

ਡਾਕਟਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਕੋਨਵਾਲੇਸੈਂਟ ਪਲਾਜ਼ਮਾ ਕੋਵਿਡ-19 ਦੇ ਲੱਛਣਾਂ ਵਾਲੇ ਠੀਕ ਹੋਏ ਕਿਸੇ ਵੀ ਮਰੀਜ਼ ਤੋਂ ਲਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਕ ਵਾਰ ਜਦੋਂ ਮਰੀਜ਼ ਦੀ ਰਿਪੋਰਟ (ਆਰਟੀ-ਪੀਸੀਆਰ) ਨੈਗੇਟਿਵ ਹੋ ਜਾਂਦੀ ਹੈ ਤਾਂ ਉਹ 14 ਦਿਨਾਂ ਬਾਅਦ ਆਪਣਾ ਪਲਾਜ਼ਮਾ ਦਾਨ ਕਰ ਸਕਦਾ ਹੈ ਕਿਉਂਕਿ ਉਸ ਦੇ ਖੂਨ ਵਿਚ ਐਂਟੀਬਾਡੀਜ਼ ਹੁੰਦੀਆਂ ਹਨ, ਜੋ ਬਿਮਾਰੀ ਨੂੰ ਠੀਕ ਕਰਨ ਵਿਚ ਸਹਾਇਤਾ ਕਰ ਸਕਦੀਆਂ ਹਨ। ਸ੍ਰੀ ਸੋਨੀ ਨੇ ਇਸ ਸਿਹਤ ਸੰਕਟ ਨੂੰ ਜਿੱਤਣ ਲਈ ਇਸ ਕੰਮ ਵਿੱਚ ਸ਼ਾਮਲ ਸਾਰੇ ਡਾਕਟਰਾਂ ਅਤੇ ਅਮਲੇ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *