ਅੰਮਿ੍ਰਤਸਰ, 10 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )-
ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਝੋਨੇ ਦੀ ਵਾਢੀ ਦੇ ਚੱਲਦੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਤੀ ਅਤੇ ਵਾਤਾਵਰਣ ਦੀ ਸੰਭਾਲ ਲਈ ਸਾਡਾ ਸਾਥ ਦੇਣ। ਸ. ਖਹਿਰਾ ਨੇ ਕਿਹਾ ਕਿ ਸਾਨੂੰ ਕਿਸਾਨ ਦੀ ਹਰ ਮੁਸ਼ਿਕਲ ਦਾ ਪਤਾ ਹੈ, ਪਰ ਮੁਸ਼ਿਕਲਾਂ ਵਿਚੋਂ ਸੂਝ-ਸਮਝ ਨਾਲ ਹੱਲ ਕਰਨ ਵਿਚ ਕਾਮਯਾਬੀ ਹੈ, ਨਾ ਕਿ ਮੁਸ਼ਕਿਲ ਅੱਗੇ ਹਾਰ ਮੰਨ ਕੇ ਪਰਾਲੀ ਨੂੰ ਤੀਲੀ ਲਾ ਦੇਣੀ ਮਾਮਲੇ ਦਾ ਹੱਲ ਹੈ। ਉਨਾਂ ਕਿਹਾ ਕਿ ਜਿਵੇਂ ਕਈ ਲੋਕ ਕਿਸਾਨ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਅੱਗੇ ਗੱਤਾ ਤੇ ਖੰਡ ਮਿੱਲਾਂ ਨੂੰ ਵੇਚ ਕੇ ਪੈਸੇ ਕਮਾ ਰਹੇ ਹਨ, ਉਸ ਤਰਾਂ ਕਿਸਾਨ ਵੀਰ ਵੀ ਸਾਂਝੇ ਤੌਰ ਤੇ ਸੰਦ ਖਰੀਦ ਕੇ ਅਜਿਹੀ ਪਹਿਲ ਕਰ ਸਕਦੇ ਹਨ, ਸਰਕਾਰ ਅਜਿਹੀ ਮਸ਼ੀਨਰੀ ਲਈ ਕਿਸਾਨ ਨੂੰ ਸਬਸਿਡੀ ਦੇ ਰਹੀ ਹੈ। ਉਨਾਂ ਕਿਹਾ ਕਿ ਇਸ ਸਾਲ ਹੁਣ ਤੱਕ 800 ਦੇ ਕਰੀਬ ਕੇਸ ਆਏ ਹਨ, ਇਸ ਦਾ ਕਾਰਨ ਇਹ ਵੀ ਹੈ ਕਿ ਇਸ ਸਾਲ ਝੋਨੇ ਦਾ ਸੀਜ਼ਨ 10 ਦਿਨ ਪਹਿਲਾਂ ਆਇਆ, ਦੁੂਸਰਾ ਪਿਛਲੇ ਸਾਲ ਇੰਨੀ ਦਿਨੀਂ ਮੌਸਮ ਖਰਾਬ ਸੀ ਅਤੇ ਮੀਂਹ ਪੈਣ ਕਾਰਨ ਪਰਾਲੀ ਨੂੰ ਅੱਗ ਨਹੀਂ ਸੀ ਲਗਾਈ ਜਾ ਸਕਦੀ, ਜਦਕਿ ਇਸ ਵਾਰ ਮੌਸਮ ਸਾਫ ਹੋਣ ਕਾਰਨ ਪਰਾਲੀ ਵੀ ਸੁੱਕੀ ਹੋਈ ਹੈ।
ਉਨਾਂ ਕਿਹਾ ਕਿ ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ, ਇਕ ਤਾਂ ਅਸੀਂ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਾਂ ਕਿ ਪਰਾਲੀ ਨੂੰ ਖੇਤ ਵਿਚ ਵਾਹੁਣ ਦੇ ਕੀ ਲਾਭ ਹਨ, ਇਸ ਕੰਮ ਲਈ ਕਿਸਾਨਾਂ ਨੂੰ ਕਿਰਾਏ ਉਤੇ ਸੰਦ ਵੀ ਦਿੱਤੇ ਜਾ ਰਹੇ ਹਨ। ਜੇਕਰ ਕੋਈ ਕਿਸਾਨ ਸਾਡੀ ਗੱਲ ਨਹੀਂ ਸਮਝਦਾ ਤਾਂ ਅਸੀਂ ਉਸ ਕਿਸਾਨ ਨੂੰ ਜੁਰਮਾਨਾ ਵੀ ਕਰ ਰਹੇ ਹਾਂ। ਉਨਾਂ ਕਿਹਾ ਕਿ ਜੇਕਰ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਪਰਾਲੀ ਨੂੰ ਸਾੜਨ ਤੋਂ ਰੋਕਣਾ ਹੋਵੇਗਾ। ਜੇਕਰ ਲੋਕ ਇਸ ਨੂੰ ਪਰਾਲੀ ਖੇਤ ਵਿਚ ਵਾਹ ਦੇਣ ਤਾਂ ਇਸ ਦਾ ਫਾਇਦਾ ਵੀ ਕਿਸਾਨ ਨੂੰ ਚੰਗੀ ਉਪਜ ਦੇ ਰੂਪ ਵਿਚ ਮਿਲਦਾ ਹੈ। ਉਨਾਂ ਕਿਹਾ ਕਿ ਕਿਸਾਨ ਨੂੰ ਜੁਰਮਾਨਾ ਕਰਨਾ ਜਾਂ ਪੁਲਿਸ ਕੋਲ ਐਫ. ਆਈ. ਆਰ ਜਾਂ ਹੋਰ ਸਖਤੀ ਤਾਂ ਆਖਰੀ ਰਸਤਾ ਹੈ, ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕਿਸਾਨ ਭਾਈਚਾਰੇ ਨੂੰ ਸਮਝਾ ਕੇ ਪ੍ਰੇਰ ਕੇ ਚੰਗੇ ਪਾਸੇ ਲਗਾਈਏ। ਉਨਾਂ ਕਿਹਾ ਕਿ ਸਾਡੇ ਐਸ ਡੀ ਐਮ ਤੱਕ ਦੇ ਅਧਿਕਾਰੀ ਕਿਸਾਨਾਂ ਕੋਲ ਪਹੁੰਚ ਕਰ ਰਹੇ ਹਨ ਅਤੇ ਆਸ ਹੈ ਕਿ ਇਸ ਦੇ ਚੰਗੇ ਨਤੀਜੇ ਮਿਲਣਗੇ।