ਅੰਮ੍ਰਿਤਸਰ, 09 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਕੋਵਿਡ-19 ਦੇ ਕੇਸਾਂ ਵਿੱਚ ਜਿਲੇ ਵਿੱਚ ਭਾਵੇਂ ਕਾਫੀ ਕਮੀ ਆਈ ਹੈ ਪ੍ਰੰਤੂ ਲੋਕਾਂ ਨੂੰ ਅਜੇ ਵੀ ਸੁਚੇਤ ਰਹਿਣ ਦੀ ਲੋੜ ਹੈ। ਲੋਕਾਂ ਨੂੰ ਬਿਨਾ ਮਾਸਕ ਘਰੋਂ ਨਹੀਂ ਨਿਕਲਣਾ ਚਾਹੀਦਾ ਤਾਂ ਜੋ ਇਸ ਕਰੋਨਾ ਮਹਾਂਮਾਰੀ ਤੇ ਪੂਰੀ ਤਰਾਂ ਜਿੱਤ ਪ੍ਰਾਪਤ ਕਰ ਸਕੀਏ।
ਇਨਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਿਹਤ ਵਿਭਾਗ ਦੇ ਡਾਕਟਰਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕੋਵਿਡ-19 ਦੇ ਕੇਸਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਮੀ ਆਈ ਹੈ ਅਤੇ ਮੌਤ ਦਰ ਵਿੱਚ ਵੀ ਕਾਫੀ ਕਮੀ ਵੇਖਣ ਨੂੰ ਮਿਲੀ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅਜੇ ਵੀ ਰੋਜਾਨਾ ਲੱਗਭੱਗ 3000 ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ ਅਤੇ ਮੋਬਾਇਲ ਟੈਸਟਿੰਗ ਵੈਨਾਂ ਵੱਲੋਂ ਹਰੇਕ ਮੁਹੱਲੇ ਵਿੱਚ ਜਾ ਕੇ ਲੋਕਾਂ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ।
ਸ੍ਰ ਖਹਿਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿੱਚ 175130 ਕੋਵਿਡ-19 ਟੈਸਟ ਕੀਤੇ ਗਏ ਹਨ ਜਿੰਨਾਂ ਵਿੱਚੋਂ 11021 ਕੇਸ ਪਾਜਟਿਵ ਪਾਏ ਗਏ ਹਨ, 9732 ਮਰੀਜਾਂ ਦੀ ਰਿਕਵਰੀ ਹੋ ਚੁੱਕੀ ਹੈ ਅਤੇ 407 ਮੌਤਾਂ ਹੋਈਆਂ ਹਨ। ਉਨਾਂ ਦੱਸਿਆ ਕਿ ਅੱਜ ਤੱਕ 655 ਮਰੀਜ ਘਰੇਲੂ ਏਕਾਂਤਵਾਸ ਕੀਤੇ ਗਏ ਹਨ। ਉਨਾਂ ਸਿਹਤ ਵਿਭਾਗ ਦੇ ਡਾਕਟਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਡਾਕਟਰਾਂ ਵੱਲੋਂ ਦਿਨ ਰਾਤ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਗਿਆ ਹੈ। ਉਨਾਂ ਨੇ ਸਿਹਤ ਵਿਭਾਗ ਦੈ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਕੋਵਿਡ ਕੇਅਰ ਸੈਂਟਰਾਂ ਵਿੱਚ ਜਿਹੜੇ ਡਾਕਟਰ ਰੱਖੇ ਗਏ ਸਨ ਉਨਾਂ ਦਾ ਪੂਰਾ ਡਾਟਾਬੇਸ ਤਿਆਰ ਕੀਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਚਲਾਏ ਜਾਂਦੇ ਕਿਸੇ ਵੀ ਨੈਸ਼ਨਲ ਪ੍ਰੋਗਰਾਮ ਵਿੱਚ ਇਨਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਉਨਾਂ ਕਿਹਾ ਕਿ ਇਨਾਂ ਡਾਕਟਰਾਂ ਵੱਲੋਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕੀਤੀ ਗਈ ਹੈ ਅਤੇ ਇਹ ਅਸਲੀ ਕਰੋਨਾ ਯੋਧੇ ਹਨ।
ਸ੍ਰ ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਮਾਸਕ ਆਪਣੇ ਘਰ ਤੋਂ ਬਾਹਰ ਨਾ ਨਿਕਲਣ ਕਿਉਂਕਿ ਅਜੇ ਤੱਕ ਇਹ ਮਹਾਂਮਾਰੀ ਪੂਰੀ ਤਰਾਂ ਖਤਮ ਨਹੀਂ ਹੋਈ ਹੈ ਅਤੇ ਸਾਡੀ ਛੋਟੀ ਜਿਹੀ ਅਣਗਹਿਲੀ ਨਾਲ ਆਪਣਾ ਭਿਆਨਕ ਰੂਪ ਧਾਰ ਸਕਦੀ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਸੀਂ ਜਦ ਤੱਕ ਇਹ ਬਿਮਾਰੀ ਨੂੰ ਜੜੋਂ ਸਮਾਪਤ ਨਹੀ ਕਰ ਲੈਂਦੇ ਤੱਦ ਤੱਕ ਆਪਣੀਆਂ ਕੋਸ਼ਿਸਾਂ ਜਾਰੀ ਰੱਖਣ। ਉਨਾਂ ਕਿਹਾ ਕਿ ਸਰਕਾਰ ਵੱਲੋਂ ਪੂਰੀ ਤਰਾਂ ਲਾਕਡਾਊਨ ਹਟਾ ਲਿਆ ਗਿਆ ਹੈ ਅਤੇ ਹੁਣ ਸਾਰੀਆਂ ਦੁਕਾਨਾਂ ਪੂਰਾ ਹਫਤਾ ਖੁੱਲ ਰਹੀਆਂ ਹਨ ਅਤੇ ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸੁਰੱਖਿਆ ਲਈ ਕਿਸੇ ਵੀ ਗ੍ਰਾਹਕ ਨੂੰ ਬਿਨਾਂ ਮਾਸਕ ਦੁਕਾਨ ਵਿੱਚ ਦਾਖਲ ਨਾ ਹੋਣ ਦੇਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸਨਰ ਜਨਰਲ ਮੈਡਮ ਅਨਮਜੋਤ ਕੌਰ, ਐਸ:ਡੀ:ਐਮ ਮਜੀਠਾ ਮੈਡਮ ਅਲਕਾ ਕਾਲੀਆ, ਕਾਰਜਕਾਰੀ ਸਿਵਲ ਸਰਜਨ ਡਾ: ਅਮਰਜੀਤ ਸਿੰਘ, ਡਾ: ਮਦਨ ਮੋਹਨ, ਡਾ: ਅਰੁਣ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜਰ ਸਨ।
————-
ਕੈਪਸ਼ਨ
ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਿਹਤ ਵਿਭਾਗ ਦੇ ਡਾਕਟਰਾਂ ਨਾਲ ਮੀਟਿੰਗ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ।