ਹੁਣ ਤੱਕ ਜਿਲੇ ਦੀਆਂ ਮੰਡੀਆਂ ਵਿੱਚ 298669 ਮੀਟਰਿਕ ਟਨ ਪਹੁੰਚਿਆ ਝੋਨਾ- ਡਿਪਟੀ ਕਮਿਸ਼ਨਰ
ਝੋਨੇ ਦੀ ਖਰੀਦ ਪ੍ਰਕਿਰਿਆ ਵਿੱਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ
* ਐਸ.ਡੀ.ਐਮਜ਼ ਨੂੰ ਮੰਡੀਆਂ ਦਾ ਅਚਨਚੇਤ ਨਿਰੀਖਣ ਕਰਨ ਦੀ ਹਦਾਇਤ
ਡਿਪਟੀ ਕਮਿਸ਼ਨਰ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਸਬੰਧੀ ਕੀਤੀ ਸਮੀਖਿਆ ਮੀਟਿੰਗ
ਅੰਮ੍ਰਿਤਸਰ, 9 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼ :
ਜ਼ਿਲਾ ਅੰਮ੍ਰਿਤਸਰ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਸੁਨਿਸ਼ਚਿਤ ਕਰਨ ਲਈ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਝੋਨੇ ਦੀ ਖਰੀਦ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੌਕੇ ਉਨਾਂ ਹਦਾਇਤ ਕੀਤੀ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਕੋਵਿਡ-19 ਦੇ ਚੱਲਦਿਆਂ ਪੂਰੀ ਅਹਿਤਿਆਤ ਵਰਤਦੇ ਹੋਏ ਝੋਨੇ ਦੀ ਖਰੀਦੋ-ਫਰੋਖ਼ਤ ਦਾ ਕੰਮ ਨੇਪਰੇ ਚਾੜਿਆ ਜਾਵੇ। ਉਨਾਂ ਕਿਹਾ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਵਿੱਚ ਵਿਭਾਗੀ ਪੱਧਰ ‘ਤੇ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 298669 ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਇਸ ਵਿੱਚੋਂ 298069 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਲੋੜੀਂਦਾ ਸਟਾਫ਼ ਮੌਜੂਦ ਰਹਿਣਾ ਚਾਹੀਦਾ ਹੈ ਅਤੇ ਮੰਡੀਆਂ ਵਿੱਚ ਸਾਫ਼-ਸਫ਼ਾਈ, ਪਾਣੀ, ਬਿਜਲੀ ਆਦਿ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ। ਉਨਾਂ ਜ਼ਿਲੇ ਦੇ ਉੱਚ ਅਧਿਕਾਰੀਆਂ ਨੂੰ ਵੀ ਮੰਡੀਆਂ ਦਾ ਸਮੇਂ-ਸਮੇਂ ‘ਤੇ ਨਿਰੀਖੱਣ ਕਰਨ ਦੇ ਆਦੇਸ਼ ਦਿੱਤੇ। ਉਨਾਂ ਨਾਲ ਹੀ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਅਤੇ ਲਿਫਟਿੰਗ ਦੀ ਸਮੱਸਿਆ ਨਾ ਆਵੇ ਇਸ ਪਾਸੇ ਖ਼ਾਸ ਧਿਆਨ ਦਿੱਤਾ ਜਾਵੇ।
ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਭਗਤਾਂਵਾਲਾ ਅਨਾਜ ਮੰਡੀ ਦਾ ਦੌਰਾ ਵੀ ਕੀਤਾ ਗਿਆ। ਉਨਾਂ ਨੇ ਆਪਣੇ ਦੌਰੇ ਦੌਰਾਨ ਜ਼ਿਲਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਆਉਣ ਵਾਲੀਆਂ ਟਰਾਲੀਆਂ ਨੂੰ ਪਾਸ ਜਾਰੀ ਕੀਤੇ ਜਾਣ ਅਤੇ ਯਕੀਨੀ ਬਣਾਇਆ ਜਾਵੇ ਕਿ ਜਿਸ ਕੋਲ ਪਾਸ ਹੋਵੇ ਉਹੀ ਕਿਸਾਨ ਆਪਣੀ ਟਰਾਲੀ ਮੰਡੀਆਂ ਅੰਦਰ ਦਾਖਲ ਕਰੇ। ਉਨਾਂ ਕਿਹਾ ਕਿ ਝੋਨੇ ਦੀ ਖਰੀਦ ਦੇ ਇਸ ਕੰਮ ਨੂੰ ਨੇਪਰੇ ਚਾੜਨ ਲਈ ਖੁਸ਼ਹਾਲੀ ਦੇ ਰਾਖਿਆਂ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ।
ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨਾਂ ਨੇ ਸਰਕਾਰ ਵੱਲੋਂ ਮਿਥਿਆ ਗਿਆ ਪੂਰਾ ਰੇਟ ਲੈਣਾ ਹੈ ਤਾਂ ਉਹ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ । ਉਨਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੁਪਰਸੀਡਰ ਜਾਂ ਹੈਪੀਸੀਡਰ ਦੀ ਵਰਤੋਂ ਦੇ ਢੰਗ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਫਾਇਦਿਆਂ ਸਬੰਧੀ ਕੈਂਪ ਲਗਾਉਣ ਅਤੇ ਡੈਮੋ ਵੀ ਕਰਕੇ ਦਿਖਾਈ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਐਸ:ਡੀ:ਐਮਜ਼ ਸ੍ਰੀ ਵਿਕਾਸ ਹੀਰਾ, ਸ੍ਰੀ ਸ਼ਿਵਰਾਜ ਸਿੰਘ ਬੱਲ, ਸ੍ਰੀਮਤੀ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਜਨਰਲ ਮੈਡਮ ਅਨਮਜੋਤ ਕੌਰ, ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਮੈਡਮ ਜਸਜੀਤ ਕੌਰ, ਜਿਲਾ ਖੇਤੀਬਾੜੀ ਅਫਸਰ ਸ੍ਰ ਕੁਲਜੀਤ ਸਿੰਘ ਸੈਣੀ, ਜਿਲਾ ਮੰਡੀ ਅਫਸਰ ਅਮਨਦੀਪ ਸਿੰਘ, ਸਕੱਤਰ ਮੰਡੀ ਬੋਰਡ ਸ੍ਰੀ ਅਮਰਦੀਪ ਕੌੜਾ, ਆੜਤੀ ਐਸੋਸੀਏਸ਼ਨ ਪ੍ਰਧਾਨ ਸ੍ਰੀ ਅਮਨਦੀਪ ਸਿੰਘ ਛੀਨਾ, ਸ੍ਰੀ ਰਾਜਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
——-
ਕੈਪਸ਼ਨ
ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਝੋਨੇ ਦੀ ਖਰੀਦ ਸਬੰਧੀ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਭਗਤਾਂਵਾਲਾ ਅਨਾਜ ਮੰਡੀ ਦਾ ਦੌਰਾ ਕਰਦੇ ਹੋਏ।