***ਪਰਾਲੀ ਦੀ ਸਾਂਭ-ਸੰਭਾਲ ਨੂੰ ਕਿੱਤਾ ਬਣਾ ਕੇ ਵੀ ਕਈ ਕਿਸਾਨ ਕਰ ਰਹੇ ਨੇ ਕਮਾਈ
***ਲੋਕਾਂ ਦੀ ਪਰਾਲੀ ਮਸ਼ੀਨ ਨਾਲ ਸਾਫ ਕਰਕੇ ਅੱਗੇ ਬਾਲਣ ਵਜੋਂ ਵੇਚ ਰਹੇ ਹਨ ਉਦਮੀ
ਅੰਮ੍ਰਿਤਸਰ, 8 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )-
ਜਿੱਥੇ ਕਈ ਕਿਸਾਨਾਂ ਲਈ ਪਰਾਲੀ ਦੀ ਸਾਂਭ-ਸੰਭਾਲ ਵੱਡਾ ਸੰਕਟ ਬਣੀ ਹੋਈ ਹੈ, ਉਥੇ ਕਈ ਉਦਮੀ ਕਿਸਾਨ ਆਪਣੀ ਪਰਾਲੀ ਨੂੰ ਖੰਡ ਮਿਲ ਕੋਲ ਬਾਲਣ ਲਈ ਵੇਚਣ ਤੋਂ ਬਾਅਦ ਲੋਕਾਂ ਦੀ ਪਰਾਲੀ ਕਿਰਾਏ ਉਤੇ ਸਾਂਭ ਕੇ ਇਸ ਵਿਚੋਂ ਵੀ ਕਮਾਈ ਕਰ ਰਹੇ ਹਨ। ਅੱਜ ਇਸ ਸਬੰਧੀ ਗੱਲਬਾਤ ਕਰਦੇ ਖੇਤੀ ਅਧਿਕਾਰੀ ਸ. ਸਤਵਿੰਦਰਬੀਰ ਸਿੰਘ ਨੇ ਦੱਸਿਆ ਕਿ ਸਠਿਆਲਾ ਦੇ ਕਿਸਾਨ ਹਰਦੀਪ ਸਿੰਘ ਨੇ ਪਹਿਲਾਂ ਆਪਣੇ ਖੇਤਾਂ ਦੀ ਪਰਾਲੀ ਨੂੰ ਰੇਕ ਅਤੇ ਬੇਲਰ ਮਸ਼ੀਨ ਨਾਲ ਇਕੱਠਾ ਕਰਕੇ ਬੁੱਟਰ ਮਿਲ ਕੋਲ ਵੇਚਿਆ ਅਤੇ ਹੁਣ ਉਹ ਹੋਰ ਕਿਸਾਨਾਂ ਦੀ ਪਰਾਲੀ ਦੀਆਂ ਗੱਠਾਂ ਬੰਨ ਕੇ ਅੱਗੇ ਖੰਡ ਤੇ ਗੱਤਾਂ ਮਿਲਾਂ ਨੂੰ ਵੇਚ ਰਹੇ ਹਨ।
ਇਸ ਮੌਕੇ ਹਰਦੀਪ ਸਿੰਘ ਨੇ ਦੱਸਿਆ ਕਿ ਮੈਂ ਖੇਤੀ ਵਿਭਾਗ ਦੀ ਸਹਾਇਤਾ ਨਾਲ ਸਬਸਿਡੀ ਉਤੇ ਇਹ ਸੰਦ ਲਏ ਸਨ ਅਤੇ ਮੈਂ ਸੋਚਿਆ ਕਿ ਇਕੱਲੀ ਆਪਣੀ ਪਰਾਲੀ ਇਕੱਠੀ ਕਰਨ ਨਾਲ ਇਨਾਂ ਸੰਦਾਂ ਦੀ ਪੂਰੀ ਵਰਤੋਂ ਹੋਣੀ, ਸੋ ਹੋਰ ਕਿਸਾਨਾਂ ਦੀ ਪਰਾਲੀ ਵੀ ਕਿਰਾਏ ਉਤੇ ਇਕੱਠੀ ਕੀਤੀ ਜਾਵੇ। ਉਨਾਂ ਦੱਸਿਆ ਕਿ ਅਜਿਹਾ ਸੋਚ ਕੇ ਮੈਂ ਇਹ ਕੰਮ ਸ਼ੁਰੂ ਕੀਤਾ ਅਤੇ ਹੁਣ ਅਸੀਂ ਹਰੇਕ ਕਿਸਾਨ ਕੋਲੋਂ ਇਕ ਹਜ਼ਾਰ ਰੁਪਏ ਪ੍ਰਤੀ ਏਕੜ ਪਰਾਲੀ ਨੂੰ ਇਕੱਠਾ ਕਰਨ ਤੇ ਚੁੱਕਣ ਦਾ ਲੈਂਦੇ ਹਾਂ। ਉਨਾਂ ਦੱਸਿਆ ਕਿ ਇਸ ਖਰਚੇ ਨਾਲ ਅਸੀਂ ਪਰਾਲੀ ਦੀਆਂ ਗੱਠਾਂ ਬੰਨ ਕੇ ਅੱਗੇ ਬੁਟਰ ਮਿਲ ਨੂੰ ਵੇਚ ਦਿੰਦੇ ਹਾਂ ਅਤੇ ਉਸ ਨਾਲ ਸਾਨੂੰ ਚਾਰ ਪੈਸੇ ਬਚ ਰਹੇ ਹਨ।
ਉਨਾਂ ਦੱਸਿਆ ਕਿ ਇਸ ਵਾਰ ਅਸੀਂ ਹੁਣ ਤੱਕ 400 ਏਕੜ ਪਰਾਲੀ ਦੀਆਂ ਗੱਠਾਂ ਬੰਨ ਕੇ ਅੱਗੇ ਵੇਚ ਚੁੱਕੇ ਹਾਂ। ਇਸ ਨਾਲ ਇਕ ਤਾਂ ਸਾਨੂੰ ਕਮਾਈ ਹੋ ਰਹੀ ਹੈ, ਦੂਸਰਾ ਕਿਸਾਨ ਨੂੰ ਪਰਾਲੀ ਸਾੜਨ ਦੀ ਲੋੜ ਨਹੀਂ ਪੈਂਦੀ, ਜੋ ਕਿ ਵਾਤਾਵਰਣ ਤੇ ਜ਼ਮੀਨ ਦਾ ਨੁਕਸਾਨ ਕਰਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਕਨੀਕ ਨਾਲ ਪਰਾਲੀ ਸਾਂਭਣ ਅਤੇ ਆਪਣੇ ਪੰਜਾਬ ਨੂੰ ਬਚਾਉਣ ਵਿਚ ਮਦਦ ਕਰਨ।