ਅੰਮ੍ਰਿਤਸਰ 7 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )–
ਅੰਮ੍ਰਿਤਸਰ ਜ਼ਿਲੇ ਲਈ ਮਾਣ ਵਾਲੀ ਗੱਲ ਹੈ ਕਿ ਰਾਜ ਦੀ ਪਹਿਲੀ ਮਹਿਲਾ ਜਿਨਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਕ੍ਰਿਸ਼ੀ ਕਰਮਨ ਐਵਾਰਡ ਨਾਲ ਨਿਵਾਜਿਆ ਗਿਆ ਹੈ, ਖੇਤੀ ਦਾ ਧੰਦਾ ਕਰਦੇ ਵਕਤ ਧਰਤੀ ਮਾਤਾ ਨੂੰ ਸੰਭਾਲਣ ਲਈ ਲਗਾਤਾਰ ਯਤਨ ਕਰ ਰਹੇ ਹਨ। ਅਮਰਦੀਪ ਸਿੰਘ ਬੱਲ ਖੇਤੀ ਅਧਿਕਾਰੀ ਨੇ ਦੱਸਿਆ ਕਿ ਉਹ ਪਰਿਧਾਰਨ ਜ਼ਮੀਨ, ਜੋ ਕਿ 32 ਏਕੜ ਹੈ, ਵਿਚ ਲੰਮੇ ਸਮੇਂ ਤੋਂ ਖੇਤੀ ਕਰਦੇ ਸਨ, ਪਰ ਸੰਨ 2011 ਤੋਂ ਖੇਤੀ ਵਿਭਾਗ ਦੇ ਸੰਪਰਕ ਵਿਚ ਆਏ। ਉਨਾਂ ਦੱਸਿਆ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਨਾਂ ਨੇ ਪਰਾਲੀ ਕਦੇ ਨਹੀਂ ਸਾੜੀ ਅਤੇ ਹਰੇਕ ਫਸਲ ਵਿਭਾਗ ਦੀ ਦੇਖ-ਰੇਖ ਨਾਲ ਹੀ ਸੰਭਾਲੀ ਹੈ।
ਇਸ ਸਬੰਧੀ ਗੱਲਬਾਤ ਕਰਦੇ ਕ੍ਰਿਸ਼ੀ ਕਰਮਨ ਐਵਾਰਡ ਜੇਤੂ ਮਹਿਲਾ ਸ੍ਰੀਮਤੀ ਹਰਿੰਦਰ ਕੌਰ, ਜੋ ਕਿ ਵੇਰਕਾ ਬਲਾਕ ਦੇ ਪਿੰਡ ਬੀਰਬਪੁਰਾ ਦੇ ਵਾਸੀ ਹਨ, ਨੇ ਦੱਸਿਆ ਕਿ ਮੈਂ ਧਰਤੀ ਮਾਂ ਨੂੰ ਕੁਦਰਤ ਦਾ ਰੂਪ ਸਮਝਦੇ ਹੋਏ ਕੋਈ ਵੀ ਗੈਰ ਕੁਦਰਤੀ ਗਤੀਵਿਧੀ ਆਪਣੇ ਖੇਤਾਂ ਵਿਚ ਨਹੀਂ ਕਰਦੀ। ਪਰਾਲੀ ਦੀ ਸਾਂਭ-ਸੰਭਾਲ ਜਿਸ ਵਿਚ ਖੇਤ ਵਿਚ ਵਾਹੁਣ ਲਈ ਸੰਦਾਂ ਦੀ ਲੋੜ ਪੈਂਦੀ ਹੈ। ਉਹ ਸਾਰੇ ਰੱਖੇ ਹਨ। ਉਨਾਂ ਦੱਸਿਆ ਕਿ ਮੈਂ ਜਦੋਂ ਤੋਂ ਪਰਾਲੀ ਖੇਤ ਵਿਚ ਵਾਹੁਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਲਗਾਤਾਰ ਫਸਲਾਂ ਦਾ ਝਾੜ ਵਧਿਆ ਹੈ। ਉਨਾਂ ਦੱਸਿਆ ਕਿ ਮੈਂ ਬਾਸਮਤੀ ਅਤੇ ਕਣਕ ਦੀ ਖੇਤੀ ਹੀ ਕਰਦੀ ਹਾਂ। ਬਾਸਮਤੀ ਵਿਚ ਸਾਡਾ ਪ੍ਰਤੀ ਏਕੜ ਝਾੜ 25 ਕੁਇੰਟਲ ਤੱਕ ਆਉਂਦਾ ਹੈ ਅਤੇ ਕਣਕ ਦਾ ਔਸਤਨ ਝਾੜ 22-23 ਕੁਇੰਟਲ।
ਉਨਾਂ ਦੱਸਿਆ ਕਿ ਇਸ ਵਾਰ ਜਦੋਂ ਜਿਲੇ ਵਿਚ ਕਿਸਾਨਾਂ ਦਾ ਵੱਧ ਤੋਂ ਵੱਧ ਬਾਸਮਤੀ ਦਾ ਝਾੜ 16 ਕੁਇੰਟਲ ਆ ਰਿਹਾ ਹੈ, ਪਰ ਸਾਡੀ ਜ਼ਮੀਨ ਦਾ ਔਸਤ ਝਾੜ 22.5 ਕੁਇੰਟਲ ਰਿਹਾ ਹੈ। ਉਨਾਂ ਦੱਸਿਆ ਕਿ ਮੈਂ ਕਦੇ ਵੀ ਆਪਣੀ ਫਸਲ ਨੂੰ ਰਸਾਇਣਕ ਦਵਾਈ ਅਤੇ ਖਾਦ ਵਿਭਾਗ ਦੀ ਸਲਾਹ ਤੋਂ ਬਿਨਾਂ ਨਹੀਂ ਪਾਈ। ਉਨਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤਾਂ ਵਿਚ ਵਾਹੁਣਾ ਸ਼ੁਰੂ ਕਰਨ ਤਾਂ ਇਸਦੇ ਸ਼ਾਨਦਾਰ ਨਤੀਜੇ ਨਿਕਣਗੇ।