ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਚੁਕਾਈ ਦਾ ਕੰਮ ਨਿਰੰਤਰ ਜਾਰੀ
ਅੰਮ੍ਰਿਤਸਰ, 2 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )-
ਝੋਨੇ ਦੀ ਖਰੀਦ ਤੇ ਮੰਡੀਆਂ ਵਿਚੋਂ ਚੁਕਾਈ ਨੂੰ ਲੈ ਕੇ ਸਬ-ਡਵੀਜਨਾਂ ਦੇ ਐਸ. ਡੀ. ਐਮਜ਼, ਖਰੀਦ ਏਜੰਸੀਆਂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਰਕਾਰੀ ਖਰੀਦ ਨਿਰਵਘਨ ਜਾਰੀ ਰੱਖਣ ਦੀ ਹਦਾਇਤ ਕਰਦੇ ਕਿਹਾ ਕਿ ਮੰਡੀਆਂ ਵਿਚੋਂ ਝੋਨੇ ਦੀ ਚੁਕਾਈ ਨਾਲ-ਨਾਲ ਕਰਦੇ ਰਹੋ, ਤਾਂ ਕਿ ਮੰਡੀਆਂ ਵਿਚ ਝੋਨਾ ਲਿਆਉਣ ਵਿਚ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ। ਉਨਾਂ ਕਿਹਾ ਕਿ ਕੋਵਿਡ-19 ਸੰਕਟ ਦੇ ਮੱਦੇਨਜ਼ਰ ਹਰ ਕਿਸਾਨ ਪਾਸ ਲੈ ਕੇ ਹੀ ਆਪਣੀ ਟਰਾਲੀ ਮੰਡੀ ਵਿਚ ਲਿਆਵੇ ਤਾਂ ਜੋ ਮੰਡੀ ਦੇ ਗੇਟ ਉਤੇ ਜਾਮ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਹਰੇਕ ਟਰਾਲੀ ਨਾਲ ਡਰਾਈਵਰ ਤੇ ਸਹਾਇਕ ਨੂੰ ਮੰਡੀ ਵਿਚ ਦਾਖਲਾ ਦੇਣ ਦੀ ਨਸੀਹਤ ਕਰਦੇ ਮੰਡੀਆਂ ਵਿਚ ਸਾਫ-ਸਫਾਈ ਰੱਖਣ ਦੇ ਵੀ ਨਿਰਦੇਸ਼ ਦਿੱਤੇ।
ਇਸ ਮੌਕੇ ਡੀ. ਐਫ. ਐਸ. ਸੀ. ਸ੍ਰੀਮਤੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਫਿਲਹਾਲ ਮੰਡੀਆਂ ਵਿਚ ਬਾਸਮਤੀ ਦੀ ਆਮਦ ਝੋਨੇ ਨਾਲੋਂ ਵੱਧ ਹੈ ਅਤੇ ਬਾਸਮਤੀ ਦੀ ਖਰੀਦ ਨਿੱਜੀ ਵਪਾਰੀਆਂ ਵੱਲੋਂ ਸਰਕਾਰੀ ਖਰੀਦ ਤੋਂ ਵੱਧ ਮੁੱਲ ਉਤੇ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਵੇਲੇ ਮੰਡੀਆਂ ਵਿਚ ਮਾਰਕਫੈਡ, ਫੂਡ ਸਪਲਾਈ ਕਾਰਪੋਰੇਸ਼ਨ ਆਫ ਇੰਡੀਆ, ਪੰਜਾਬ ਸਟੇਟ ਵੇਅਰ ਹਾਊਸ, ਪਨਸਪ ਅਤੇ ਪਨਗਰੇਨ ਝੋਨੇ ਦੀ ਖਰੀਦ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਕੱਲ ਸ਼ਾਮ ਤੱਕ ਸਰਕਾਰੀ ਏਜੰਸੀਆਂ ਵੱਲੋਂ 7147 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 3668 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਸੀ।
ਕੈਪਸ਼ਨ :ਝੋਨੇ ਦੀ ਖ੍ਰੀਦ ਬਾਬਤ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ।