ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪੁਲਿਸ ਨਾਲ ਸਾਂਝੀਆਂ ਟੀਮਾਂ ਜਾਣ-ਡਿਪਟੀ ਕਮਿਸ਼ਨਰ ***ਜਿਲੇ ਦੇ 45 ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਉਤੇ ਰੱਖੀ ਜਾਵੇ ਬਾਜ਼ ਅੱਖ

ਅੰਮ੍ਰਿਤਸਰ, 2 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )-
ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਤੱਕ ਜਾਣ ਵਾਲੀਆਂ ਟੀਮਾਂ, ਜਿਸ ਵਿਚ ਖੇਤੀ, ਪ੍ਰਦੂਸ਼ਣ, ਮਾਲ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਸ਼ਾਮਿਲ ਹਨ, ਨਾਲ ਪੁਲਿਸ ਦੇ ਜਵਾਨ ਵੀ ਜਾਣ, ਤਾਂ ਜੋ ਹਰ ਹਾਲਤ ਵਿਚ ਕਿਸਾਨ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ। ਅੱਜ ਐਸ ਡੀ ਐਮਜ਼, ਖੇਤੀਬਾੜੀ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਇਸ ਮੁੱਦੇ ਉਤੇ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿਘ ਖਹਿਰਾ ਨੇ ਸਪੱਸ਼ਟ ਕੀਤਾ ਕਿ ਉਪਗ੍ਰਹਿ ਤੋਂ ਆਈ ਜਾਣਕਾਰੀ ਜਿਸ ਵਿਚ ਜਿਲੇ ਅੰਦਰ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਹੈ, ਵਿਖੇ ਸਬੰਧਤ ਇਲਾਕੇ ਦੀ ਪਾਰਟੀ ਹਰ ਹਾਲਤ ਵਿਚ ਪਹੁੰਚਣੀ ਚਾਹੀਦੀ ਹੈ ਅਤੇ ਜੇਕਰ ਸਬੰਧਤ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਸਬੂਤ ਮਿਲਦੇ ਹਨ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਜੋ ਵੀ ਟੀਮ ਸੰਬਧਤ ਸਥਾਨ ਉਤੇ ਪਹੁੰਚਣ ਤੋਂ ਨਾਕਾਮ ਰਹੀ, ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸ. ਖਹਿਰਾ ਨੇ ਜਿਲਾ ਪੁਲਿਸ ਦਿਹਾਤੀ ਸ੍ਰੀ ਧੁਰਵ ਦਾਹੀਆ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦੀਆਂ ਟੀਮਾਂ ਦੇ ਨਾਲ ਪੁਲਿਸ ਦੇ ਜਵਾਨਾਂ ਦੀ ਡਿਊਟੀ ਵੀ ਲਗਾਉਣ।
ਸ. ਖਹਿਰਾ ਨੇ ਕਿਹਾ ਕਿ ਪਿਛਲੇ ਸਾਲ ਲੱਗੀ ਅੱਗ ਦੌਰਾਨ ਜਿਲੇ ਵਿਚ 45 ਖੇਤਰਾਂ ਦੀ ਸ਼ਨਾਖਤ ਹਾਟ-ਸਪਾਟ ਵਜੋਂ ਕੀਤੀ ਗਈ ਹੈ ਅਤੇ ਉਨਾਂ ਖੇਤਰਾਂ ਉਤੇ ਬਾਜ਼ ਅੱਖ ਰੱਖੀ ਜਾਵੇ, ਕਿਉਂਕਿ ਕਿਸਾਨ ਆਦਤ ਵੱਸ ਪਰਾਲੀ ਨੂੰ ਅੱਗ ਲਗਾਉਣ ਲਈ ਮਜ਼ਬੂਰ ਹੈ। ਉਨਾਂ ਸਬੰਧਤ ਇਲਾਕੇ ਦੀਆਂ ਪਾਰਟੀਆਂ ਨੂੰ ਝੋਨੇ ਦੀ ਵਾਢੀ ਤੋਂ ਪਹਿਲਾਂ ਕਿਸਾਨਾਂ ਤੱਕ ਪਹੁੰਚ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਇੰਨਾਂ ਖੇਤਰਾਂ ਲਈ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਦਾ ਬੰਦੋਬਸਤ ਵੀ ਕੀਤਾ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਉਤੇ ਬਹੁਤ ਗੰਭੀਰ ਹਨ ਅਤੇ ਸਰਕਾਰ ਕੋਵਿਡ-19 ਸੰਕਟ ਕਾਰਨ ਪੈਦਾ ਹੋਈ ਵਿੱਤੀ ਸਥਿਤੀ ਦੇ ਬਾਵਜੂਦ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਬਸਿਡੀ ਉਤੇ ਮਸ਼ੀਨਾਂ ਦੇ ਰਹੀ ਹੈ। ਇੰਨੀ ਸਹੂਲਤ ਦੇ ਬਾਵਜੂਦ ਵੀ ਜੇਕਰ ਕੋਈ ਕਿਸਾਨ ਅੱਗ ਲਗਾਉਣ ਦੀ ਗਲਤੀ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨਾਂ ਸਾਰੀਆਂ ਟੀਮਾਂ ਨੂੰ ਅਗਲੇ 15 ਦਿਨ ਤੱਕ ਮੁਸ਼ਤੈਦੀ ਨਾਲ ਆਪਣੇ-ਆਪਣੇ ਇਲਾਕੇ ਵਿਚ ਡਟਣ ਦੀ ਹਦਾਇਤ ਕਰਦੇ ਕਿਹਾ ਕਿ ਤੁਹਾਡੀਆਂ ਕੋਸਿਸ਼ਾਂ ਨਾਲ ਵਾਤਾਵਰਣ ਅਤੇ ਜ਼ਮੀਨ ਦੋਵਾਂ ਨੂੰ ਪੈਦਾ ਹੋ ਰਿਹਾ ਖ਼ਤਰਾ ਟਲ ਸਕਦਾ ਹੈ।
ਕੈਪਸ਼ਨ : ਪਰਾਲੀ ਪ੍ਰਬੰਧਨ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ।