Site icon NewSuperBharat

ਦੇਸ਼ ਨੂੰ ‘ਜੈ ਜਵਾਨ-ਜੈ ਕਿਸਾਨ’ ਦਾ ਨਾਅਰੇ ਉਤੇ ਪਹਿਰਾ ਦੇਣ ਦੀ ਲੋੜ-ਹਰੀਸ਼ ਰਾਵਤ ***ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਸ੍ਰੀ ਲਾਲ ਬਹਾਦਰ ਸਾਸ਼ਤਰੀ ਨੂੰ ਵਰੇਗੰਢ ਮੌਕੇ ਕੀਤਾ ਯਾਦ***ਕਾਂਗਰਸ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰੇਗੀ***ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਵਿਰੋਧੀ ਕਾਨੂੰਨ ਵਿਰੁੱਧ ਸਭ ਤੋਂ ਪਹਿਲਾਂ ਅਵਾਜ਼ ਉਠਾਈ

ਅੰਮ੍ਰਿਤਸਰ, 2 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )-

ਪੰਜਾਬ ਕਾਂਗਰਸ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਨੂੰ ਉਨਾਂ ਦੇ ਜਨਮ ਦਿਨ ਮੌਕੇ ਸਰਧਾਂਜਲੀ ਭੇਟ ਕਰਦੇ ਹੋਏ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਇਨਾਂ ਮਹਾਨ ਸਖਸ਼ੀਅਤਾਂ ਦੇ ਪਦ ਚਿੰਨਾਂ ਉਤੇ ਚੱਲਦੇ ਹੋਏ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ਵਿਚ ਦੇਸ਼ ਭਰ ਵਿਚ ਅੰਦੋਲਨ ਸ਼ੁਰੂ ਕਰੇਗੀ।

ਕੰਪਨੀ ਬਾਗ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਉਤੇ ਸ਼ਰਧਾ ਭੇਟ ਕਰਨ ਅਤੇ ਜਲਿਆਂ ਵਾਲਾ ਬਾਗ ਵਿਖੇ ਅਜ਼ਾਦੀ ਪਰਵਾਨਿਆਂ ਨੂੰ ਸਿਜਦਾ ਕਰਨ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਰਾਵਤ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਜਿਨਾਂ ਲੋਕਾਂ ਲਈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਸੰਘਰਸ਼ ਕੀਤਾ ਅਤੇ ਸ੍ਰੀ ਸਾਸ਼ਤਰੀ ਨੇ ਉਨਾਂ ਦੇ ਹੱਕ ਵਿਚ ਨਾਅਰਾ ਦਿੱਤਾ, ਅੱਜ ਫਿਰ ਉਹ ਮਿਹਨਤੀ ਲੋਕ ਕਿਸਾਨ ਸਰਕਾਰ ਦੇ ਕਾਲੇ ਕਾਨੂੰਨ ਦਾ ਸ਼ਿਕਾਰ ਹੋ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਵਾਸੀਆਂ ਦਾ ਪੇਟ ਭਰਨ ਲਈ ਕਿਸਾਨ ਨੂੰ ਉਸਦੀ ਫਸਲ ਦੀ ਪੱਕੀ ਕੀਮਤ ਦਾ ਭਰੋਸਾ ਅਤੇ ਆਮ ਲੋਕਾਂ ਤੱਕ ਸਸਤਾ ਰਾਸ਼ਨ ਪਹੁੰਚਾਉਣ ਦਾ ਉਪਰਾਲਾ ਬੜੇ ਸੰਘਰਸ਼ ਤੋਂ ਬਾਅਦ ਸ਼ੁਰੂ ਹੋਇਆ ਸੀ, ਜੋ ਕਿ ਹੁਣ ਸਮਾਪਤ ਕੀਤਾ ਜਾ ਰਿਹਾ ਹੈ। ਉਨਾਂ ਮਹਾਤਮਾ ਗਾਂਧੀ ਅਤੇ ਸ੍ਰੀ ਸਾਸ਼ਤਰੀ ਨੂੰ ਯਾਦ ਕਰਦੇ ਸੰਕਲਪ ਲੈਂਦੇ ਕਿਹਾ ਕਿ ਅਸੀਂ ਇਸ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ ਅਤੇ ਕਿਸਾਨ ਨੂੰ ਉਸਦਾ ਹੱਕ ਦਿਵਾ ਕੇ ਰਹਾਂਗੇ। ਇਸ ਲਈ ਪੂਰੇ ਦੇਸ਼ ਨੂੰ ਲਾਮਬੰਦ ਕੀਤਾ ਜਾਵੇਗਾ, ਕਿਉਂਕਿ ਇਹ ਇਕੱਲੇ ਕਿਸਾਨ ਦਾ ਮਸਲਾ ਨਹੀਂ, ਇਹ ਵਪਾਰੀ, ਦੁਕਾਨਦਾਰ ਅਤੇ ਹਰ ਨਾਗਰਿਕ ਦਾ ਮੁੱਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਦੇ ਹੱਕ ਨੂੰ ਕੋਈ ਖੋਹ ਨਹੀਂ ਸਕਦਾ।

          ਉਤਰ ਪ੍ਰਦੇਸ਼ ਵਿਚ SC ਲੜਕੀ ਨੂੰ ਜਬਰ ਜਿਨਾਹ ਮਗਰੋਂ ਮੌਤ ਦੇ ਘਾਟ ਉਤਾਰ ਦੇਣ ਦੇ ਮੁੱਦੇ ਉਤੇ ਬੋਲਦੇ ਸ੍ਰੀ ਰਾਵਤ ਨੇ ਕਿਹਾ ਕਿ ਰਾਜ ਸਰਕਾਰ ਨੂੰ ਦਲਿਤ ਅਤੇ ਬਹੂ-ਬੇਟੀਆਂ ਦੀ ਸੁਰੱਖਿਆ ਯਕੀਨੀ ਬਨਾਉਣੀ ਚਾਹੀਦੀ ਹੈ ਅਤੇ ਅਜਿਹੇ ਮੌਕੇ ਜਨਤਾ ਦੇ ਪ੍ਰਤੀਨਿਧੀ ਬਣ ਕੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਇਕ ਪਾਰਟੀ ਦੇ ਮੁੱਖ ਮੰਤਰੀ ਵਜੋਂ। ਉਨਾਂ ਕਿਹਾ ਕਿ ਸਮਾਜ ਨੂੰ ਵੀ ਅਜਿਹੇ ਦਰਿੰਦਿਆਂ ਵਿਰੁੱਧ ਅਵਾਜ਼ ਉਠਾਉਣੀ ਚਾਹੀਦੀ ਹੈ। ਭਾਜਪਾ ਵੱਲੋਂ ਕਾਂਗਰਸ ਉਤੇ ਕਿਸਾਨ ਨੂੰ ਗੁੰਮਰਾਹ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਬੋਲਦੇ ਸ੍ਰੀ ਰਾਵਤ ਨੇ ਕਿਹਾ ਕਿ ਗੁੰਮਰਾਹ ਤਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰਦੇ ਹਨ, ਜੋ ਕਦੇ ਹਰੇਕ ਦੇ ਖਾਤੇ ਵਿਚ 15 ਲੱਖ ਪਾਉਣ ਦੀ ਗੱਲ ਕਰਦੇ ਹਨ, ਕਦੇ 2 ਕਰੋੜ ਨੌਕਰੀਆਂ ਦੀ ਅਤੇ ਕਿਸਾਨ ਦੀ ਆਮਦਨ ਦੁੱਗਣੀ ਕਰਨੀ ਦੀ ਅਸੀਂ ਗੁੰਮਰਾਹ ਨਹੀਂ ਕਰਦੇ ਸਗੋਂ ਜਾਗਰੂਕ ਕਰਦੇ ਹਾਂ।

ਉਨਾਂ ਕਿਹਾ ਕਿ ਕਾਂਗਰਸ ਪਾਰਟੀ ਲਈ ਤਸੱਲੀ ਵਾਲੀ ਗੱਲ ਹੈ ਕਿ ਜਦੋਂ ਕਿਸਾਨਾਂ ਦਾ ਮਸੀਹਾ ਅਖਵਾਉਂਦਾ ਅਕਾਲੀ ਦਲ ਇੰਨਾਂ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਸ੍ਰੀ ਮੋਦੀ ਦੇ ਹੱਕ ਵਿਚ ਤਾੜੀਆਂ ਮਾਰ ਰਿਹਾ ਸੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਇੰਨਾਂ ਕਾਨੂੰਨਾਂ ਦੀ ਸਿਫਤ ਕਰ ਰਹੇ ਸਨ, ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਰੁੱਧ ਅਵਾਜ਼ ਉਠਾਈ। ਉਨਾਂ ਕਿਹਾ ਕਿ ਕੈਪਟਨ ਦੇਸ਼ ਵਿਚ ਪਹਿਲੇ ਮੁੱਖ ਮੰਤਰੀ ਹਨ, ਜਿੰਨਾ ਨੇ ਇਨਾਂ ਕਿਸਾਨ ਵਿਰੋਧੀ ਬਿੱਲਾਂ ਵਿਰੁੱਧ ਅਵਾਜ਼ ਬੁਲੰਦ ਕੀਤੀ। ਉਨਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਵੀ ਤਿੰਨ ਦਿਨ ਲਗਾਤਾਰ ਪੰਜਾਬ ਦੇ ਕਿਸਾਨਾਂ ਨਾਲ ਇਸ ਮੋਰਚੇ ਉਤੇ ਬੈਠਣ ਲਈ ਆ ਰਹੇ ਹਨ ਅਤੇ ਉਸ ਮਗਰੋਂ ਕਾਂਗਰਸ ਸਾਰੇ ਦੇਸ਼ ਵਿਚ ਇਹ ਅਵਾਜ਼ ਉਠਾ ਰਹੀ ਹੈ। ਸ੍ਰੀ ਨਵਜੋਤ ਸਿੱਧੂ ਬਾਰੇ ਪੁੱਛੇ ਜਾਣ ਉਤੇ ਸ੍ਰੀ ਰਾਵਤ ਨੇ ਕਿਹਾ ਕਿ ਉਹ ਸਾਡੇ ਭਰਾ ਹਨ, ਰਾਜਨੀਤੀ ਤੇ ਮਾਨਵਤਾ ਦੇ ਪੁਜਾਰੀ ਹਨ ਅਤੇ ਉਹ ਅਜਿਹੇ ਮੌਕੇ ਚੁੱਪ ਨਹੀਂ ਬੈਠ ਸਕਦੇ, ਸੋ ਜਲਦੀ ਹੀ ਉਹ ਸ੍ਰੀ ਰਾਹੁਲ ਗਾਂਧੀ ਨਾਲ ਕਿਸਾਨ ਅੰਦੋਲਨ ਵਿਰੁੱਧ ਡਟੇ ਨਜ਼ਰ ਆਉਣਗੇ। ਇਸ ਮਗਰੋਂ ਉਨਾਂ ਸ੍ਰੀ ਰਾਮਤੀਰਥ ਵਿਖੇ ਵੀ ਮੱਥਾ ਟੇਕਿਆ।

ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਸ੍ਰੀ ਸੁਨੀਲ ਦੱਤੀ, ਡਿਪਟੀ ਮੇਅਰ ਸ੍ਰੀ ਯੂਨਿਸ ਕੁਮਾਰ, ਚੇਅਰਮੈਨ ਸ੍ਰੀ ਦਿਨੇਸ਼ ਬੱਸੀ, ਚੇਅਰਮੈਨ ਸ੍ਰੀ ਅਰੁਣ ਪੱਪਲ, ਚੇਅਰਮੈਨ ਸ੍ਰੀ ਜੁਗਲ ਕਿਸ਼ੋਰ, ਕਾਂਗਰਸ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਸ. ਭਗਵੰਤਪਾਲ ਸਿੰਘ ਸੱਚਰ, ਸ੍ਰੀ ਵਿਕਾਸ ਸੋਨੀ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਕੈਪਸ਼ਨ :ਜਲਿਆਂ ਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਨਤਮਸਤਕ ਹੋਣ ਮਗਰੋਂ ਸ੍ਰੀ ਹਰੀਸ਼ ਰਾਵਤ, ਸ੍ਰੀ ਓ ਪੀ ਸੋਨੀ, ਸ. ਕਰਮਜੀਤ ਸਿੰਘ ਰਿੰਟੂ, ਸ. ਇੰਦਰਬੀਰ ਸਿੰਘ ਬੁਲਾਰੀਆ, ਸ੍ਰੀ ਸੁਨੀਲ ਦੱਤੀ ਅਤੇ ਹੋਰ ਆਗੂ।

Exit mobile version