ਅੰਮ੍ਰਿਤਸਰ / 30 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕਿਸਾਨਾਂ ਦੇ ਖੇਤਾਂ ਵਿਚ ਝੋਨੇ ਤੋਂ ਪੈਦਾ ਹੁੰਦੀ ਪਰਾਲੀ ਜੋ ਕਿ ਸਦੀਆਂ ਤੋਂ ਪਸ਼ੂਆਂ ਦੇ ਚਾਰੇ ਵਜੋਂ ਵਰਤੀ ਜਾਂਦੀ ਹੈ, ਨੂੰ ਭੰਡਾਰ ਕਰਨ ਲਈ ਆਏ ਨਵੇਂ ਸੰਦ ਬਹੁਤ ਕਾਰਗਰ ਸਿੱਧ ਹੋ ਰਹੇ ਹਨ। ਪਹਿਲਾਂ ਇਹ ਪਰਾਲੀ ਸੁਕਾਉਣ ਤੋਂ ਲੈ ਕੇ ਇਕੱਠੀ ਕਰਨ ਤੱਕ ਕਈ ਦਿਨਾਂ ਦੀ ਉਡੀਕ ਅਤੇ ਚੰਗੀ ਮੁਸ਼ਕਤ ਕਰਨੀ ਪੈਂਦੀ ਸੀ, ਪਰ ਹੁਣ ਇਹ ਕੰਮ ਮਸ਼ੀਨਾਂ ਕੁੱਝ ਹੀ ਘੰਟਿਆਂ ਵਿਚ ਆਦਮੀ ਨਾਲੋਂ ਕਈ ਗੁਣਾ ਵਧੀਆ ਤਰੀਕੇ ਨਾਲ ਕਰ ਦਿੰਦੀਆਂ ਹਨ। ਅੱਜ ਮੱਲੀਆਂ ਨੇੜੇ ਜੰਡਿਆਲਾ ਗੁਰੂ ਵਿਖੇ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਮਿਲਣ ਪਹੁੰਚੇ ਖੇਤੀ ਅਧਿਕਾਰੀ ਸ. ਤਜਿੰਦਰ ਸਿੰਘ ਨੇ ਦੱਸਿਆ ਕਿ ਇਥੋਂ ਦੇ ਕਿਸਾਨ ਸੁਖਦੇਵ ਸਿੰਘ ਦੀ ਕਰੀਬ 30 ਏਕੜ ਝੋਨੇ ਦੀ ਫਸਲ ਕੰਬਾਇਨ ਨਾਲ ਕੱਟੀ ਜਾ ਰਹੀ ਸੀ ਅਤੇ ਉਸਦੇ ਮਗਰ-ਮਗਰ ਹੀ ਤਿੰਨ ਟਰੈਕਟਰਾਂ ਉਤੇ ਲੱਗੀਆਂ ਮਸ਼ੀਨਾਂ ਪਰਾਲੀ ਦੀ ਸਾਂਭ-ਸੰਭਾਲ ਕਰ ਰਹੀਆਂ ਸਨ। ਇਸ ਤਰਾਂ ਇਕੋ ਵੇਲੇ ਚਾਰ ਵੱਡੇ ਸੰਦਾਂ ਦੇ ਖੇਤ ਵਿਚ ਆਉਣ ਨਾਲ ਸ਼ਾਮ ਤੱਕ 15 ਤੋਂ 20 ਏਕੜ ਦੀ ਪਰਾਲੀ ਸਾਂਭੀ ਜਾ ਸਕਦੀ ਹੈ। ਇਸ ਤੋਂ ਅੱਗੇ ਕਮਾਲ ਦੀ ਗੱਲ ਇਹ ਹੈ ਕਿ ਕਿਸਾਨ ਨੂੰ ਇਸ ਲਈ ਇਕ ਧੇਲੇ ਦਾ ਖਰਚ ਨਹੀਂ ਸੀ ਕਰਨਾ ਪੈ ਰਿਹਾ, ਕਿਉਂਕਿ ਸਾਰੀ ਪਰਾਲੀ ਗੁਜ਼ਰ ਭਾਈਚਾਰਾ ਆਪਣੇ ਪਸ਼ੂਆਂ ਲਈ ਇੱਕਠੀ ਕਰ ਰਿਹਾ ਸੀ ਅਤੇ ਸਾਰੇ ਪੈਸੇ, ਜੋ ਕਿ ਇਕ ਏਕੜ ਦੇ ਕਰੀਬ 1800 ਰੁਪਏ ਬਣਦੇ ਹਨ, ਉਨਾਂ ਨੇ ਦੇਣੇ ਹਨ।
ਸ. ਤਜਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਖੇਤ, ਜਿੱਥੇ ਝੋਨੇ ਦੀ ਪਰਾਲੀ ਮਸ਼ੀਨ ਦੁਆਰਾ ਸਾਂਭਣੀ ਹੋਵੇ, ਉਥੇ ਕੰਬਾਇਨ ਨਾਲੋਂ ਸੁਪਰ ਐਸ. ਐਮ. ਐਸ. ਹਟਾ ਦਿੱਤਾ ਜਾਂਦਾ ਹੈ, ਤਾਂ ਜੋ ਪਰਾਲੀ ਇਕ ਲਾਇਨ ਵਿਚ ਹੀ ਡਿੱਗੇ। ਕੰਬਾਇਨ ਦੇ ਝੋਨਾ ਕੱਟਣ ਮਗਰੋਂ ਖੇਤ ਵਿਚ ਖੜੇ ਝੋਨੇ ਦੇ ਤਣੇ ਕੱਟਣ ਲਈ ਕਟਰ ਚੱਲਦਾ ਹੈ ਅਤੇ ਉਸ ਦੇ ਪਿੱਛੇ ਹੀ ਇਹ ਪਰਾਲੀ ਇਕ ਲਾਇਨ ਵਿਚ ਇਕੱਠੀ ਕਰਨ ਲਈ ਰੈਕ ਚੱਲ ਰਿਹਾ ਸੀ ਅਤੇ ਰੈਕ ਦੇ ਮਗਰ ਬੇਲਰ ਜੋ ਕਿ ਪਰਾਲੀ ਦੀਆਂ ਗੱਠਾਂ ਬੰਨ ਰਿਹਾ ਸੀ। ਇਸ ਤਰਾਂ ਬੇਲਰ ਦੁਆਰਾ ਇਕੱਠੀ ਕੀਤੀ ਪਰਾਲੀ ਇਕ ਤਾਂ ਥੋੜੇ ਸਥਾਨ ਵਿਚ ਵੱਡੀ ਮਾਤਰਾ ਵਿਚ ਰੱਖੀ ਜਾ ਸਕਦੀ ਹੈ, ਦੂਸਰਾ ਇਹ ਗੱਠ ਬਹੁਤ ਪੀਡੀ ਹੋਣ ਨਾਲ ਬਰਸਾਤ ਦਾ ਪਾਣੀ ਵੀ ਇਸ ਵਿਚ ਘੱਟ ਜਾਂਦਾ ਹੈ, ਜਿਸ ਨਾਲ ਇਹ ਛੇਤੀ ਖਰਾਬ ਨਹੀਂ ਹੁੰਦੀ। ਉਨਾਂ ਦੱਸਿਆ ਕਿ ਇਥੇ ਗੁਜ਼ਰਾਂ ਨੇ 150 ਏਕੜ ਦੀ ਪਰਾਲੀ ਇਕੱਠੀ ਕਰਨ ਲਈ ਟੈਰਕਟਰ ਅਪਰੇਟਰ, ਜੋ ਕਿ ਮਾਲਵੇ ਇਲਾਕੇ ਵਿਚੋਂ ਆਏ ਸਨ, ਨਾਲ ਸੌਦਾ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਇਹ ਟਰੈਕਟਰ ਇਹ ਸਾਰਾ ਕੰਮ ਕਿਸਾਨ ਤੋਂ ਇਕ ਹਜ਼ਾਰ ਰੁਪਏ ਪ੍ਰਤੀ ਏਕੜ ਲੈ ਕੇ ਵੀ ਕਰਦੇ ਹਨ, ਪਰ ਫਿਰ ਉਹ ਇਹ ਪਰਾਲੀ ਖੰਡ ਮਿਲ ਜਾਂ ਹੋਰ ਥਾਵਾਂ ਉਤੇ ਆਪ ਵੇਚਦੇ ਹਨ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਖੇਤੀ ਤਕਨੀਕਾਂ ਦਾ ਲਾਹਾ ਲੈਂਦੇ ਹੋਏ ਪਰਾਲੀ ਨੂੰ ਸਾਂਭਣ। ਇਸ ਲਈ ਖੇਤੀ ਮਸ਼ੀਨਾਂ ਲੈਣ ਵਾਸਤੇ ਫੋਨ ਨੰਬਰ 94174-21044, 70090-56595, 89689-00150 ਉਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।