ਕਿਸਾਨ ਸੁੱਕਾ ਅਤੇ ਸਾਫ-ਸੁਥਰਾ ਝੋਨਾ ਮੰਡੀ ਵਿਚ ਲੈ ਕੇ ਆਉਣ-ਡਿਪਟੀ ਕਮਿਸ਼ਨਰ
*ਰਾਤ ਨੂੰ ਕੰਬਾਇਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ
ਅੰਮ੍ਰਿਤਸਰ / 26 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਾਉਣੀ ਦੀ ਮੁੱਖ ਫਸਲ ਝੋਨੇ ਦੀ ਕਟਾਈ ਅੰਮ੍ਰਿਤਸਰ ਦੇ ਨਾਲ ਲੱਗਦੇ ਇਲਾਕੇ ਜਿੱਥੇ ਕਿ ਕਿਸਾਨ ਸਬਜੀ ਦੀ ਬਿਜਾਈ ਕਰਦੇ ਹਨ, ਵਿਖੇ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁੱਕਾ ਅਤੇ ਸਾਫ-ਸੁਥਰਾ ਝੋਨਾ ਮੰਡੀਆਂ ਵਿਚ ਲੈ ਕੇ ਆਉਣ, ਤਾਂ ਜੋ ਕਿਸਾਨ ਨੂੰ ਮੰਡੀ ਵਿਚ ਰੁਕਣਾ ਨਾ ਪਵੇ ਅਤੇ ਨਾਲ ਦੀ ਨਾਲ ਉਸਦੀ ਫਸਲ ਖਰੀਦ ਕੇ ਕਿਸਾਨ ਨੂੰ ਵਿਹਲਾ ਕੀਤਾ ਜਾ ਸਕੇ।
ਉਨਾਂ ਦੱਸਿਆ ਕਿ ਇਸ ਵਾਰ ਸਰਕਾਰ ਵੱਲੋਂ ਏ ਗਰੇਡ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 1888 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ ਅਤੇ ਸਰਕਾਰੀ ਖਰੀਦ ਲਈ ਝੋਨੇ ਦੀ ਨਮੀ 17 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸ. ਖਹਿਰਾ ਨੇ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੀ ਨਮੀ ਘੱਟ ਕਰਨ ਦਾ ਇਕੋ ਹੱਲ ਹੈ ਕਿ ਗਿੱਲੀ ਫਸਲ ਦੀ ਕਟਾਈ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਰਾਤ ਸਮੇਂ ਕੰਬਾਇਨ ਨਾ ਚਲਾਈ ਜਾਵੇ। ਸ. ਖਹਿਰਾ ਨੇ ਦੱਸਿਆ ਕਿ ਕਿਸੇ ਵੀ ਕੰਬਾਇਨ ਚਾਲਕ ਨੂੰ ਸਵੇਰੇ 9 ਵਜੇ ਤੋਂ ਪਹਿਲਾਂ ਅਤੇ ਰਾਤ 7 ਵਜੇ ਤੋਂ ਬਾਅਦ ਕੰਬਾਇਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਾਡੀਆਂ ਟੀਮਾਂ ਕੰਬਾਇਨਾਂ ਦੇ ਸਮੇਂ ਨੂੰ ਚੈਕ ਵੀ ਕਰਨਗੀਆਂ ਤਾਂ ਜੋ ਕਿਸਾਨ ਨੂੰ ਵੱਧ ਨਮੀ ਵਾਲੀ ਕਟਾਈ ਕਾਰਨ ਮੰਡੀ ਵਿਚ ਖੱਜ਼ਲ ਨਾ ਹੋਣਾ ਪਵੇ। ਉਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਫਸਲ ਵੇਚ ਕੇ ਜੇ ਫਾਰਮ ਜ਼ਰੂਰ ਸਬੰਧਤ ਆੜਤੀਏ ਤੋਂ ਲੈਣ।