December 26, 2024

ਹਰੇਕ ਖੇਤ ਵਿਚ ਲੱਗੀ ਅੱਗ ਤੱਕ ਪਹੁੰਚੇਗਾ ਸੈਕਟਰ ਅਧਿਕਾਰੀ- ਡਿਪਟੀ ਕਮਿਸ਼ਨਰ

0

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ

*ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੋਣਗੇ ਚਲਾਨ ਤੇ ਰਿਕਾਰਡ ਵਿਚ ‘ਰੈਡ ਐਂਟਰੀ’

ਅੰਮ੍ਰਿਤਸਰ / 25 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਅੰਮ੍ਰਿਤਸਰ ਜਿਲੇ ਵਿਚ ਸ਼ੁਰੂ ਹੋ ਚੁੱਕੇ ਸਾਉਣੀ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਪਿੰਡ ਪੱਧਰ ਤੱਕ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਹਰੇਕ ਪਿੰਡ ਵਿਚ ਲਗਾਏ ਗਏ ਸੈਕਟਰ ਅਧਿਕਾਰੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਦੇ ਖੇਤ ਤੱਕ ਜਾਣ ਦੀ ਹਦਾਇਤ ਕੀਤੀ ਗਈ ਹੈ, ਤਾਂ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ। ਸ. ਖਹਿਰਾ ਨੇ ਦੱਸਿਆ ਕਿ ਸਾਰੇ ਪੰਜਾਬ ਵਿਚੋਂ ਸਭ ਤੋਂ ਪਹਿਲਾਂ ਝੋਨੇ ਦੀ ਵਾਢੀ ਅੰਮ੍ਰਿਤਸਰ ਵਿਚ ਸ਼ੁਰੂ ਹੁੰਦੀ ਹੈ ਅਤੇ ਕਈ ਕਿਸਾਨ ਜਿੰਨਾ ਨੇ ਸਬਜੀ ਬੀਜਣੀ ਹੁੰਦੀ ਹੈ, ਉਹ ਕਾਹਲੀ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਰੋਕਣ ਲਈ ਅਸੀਂ ਹਰ ਤਰਾਂ ਦੀ ਤਿਆਰੀ ਕੀਤੀ ਹੈ।

ਉਨਾਂ ਦੱਸਿਆ ਕਿ ਅਸੀਂ ਪਿੰਡ ਪੱਧਰ ‘ਤੇ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਾਲ-ਨਾਲ ਪਿੰਡਾਂ ਦੇ ਸਮੂਹਾਂ ਉਤੇ ਕਲਸਰ ਅਧਿਕਾਰੀ ਵੀ ਤਾਇਨਾਤ ਕੀਤੇ ਹਨ, ਜੋ ਕਿ ਸਬੰਧਤ ਖੇਤ ਦੇ ਮਾਲਕ ਵਿਰੁੱਧ ਚਲਾਨ ਕੱਟਣ ਦੇ ਨਾਲ-ਨਾਲ ਮਾਲ ਵਿਭਾਗ ਦੇ ਰਿਕਾਰਡ ਵਿਚ ਲਾਲ ਸਿਆਹੀ ਨਾਲ ਇੰਦਰਾਜ ਕਰਨਾ ਕੀਨੀ ਬਨਾਉਣਗੇ। ਸ. ਖਹਿਰਾ ਨੇ ਅੱੱਜ ਇਸ ਮੁੱਦੇ ਉਤੇ ਸਾਰੇ ਐਸ. ਡੀ. ਐਮ., ਨਾਇਬ ਤਹਿਸੀਲਦਾਰ, ਬਲਾਕ ਖੇਤੀਬਾੜੀ ਅਧਿਕਾਰੀਆਂ ਅਤੇ ਮਾਲ ਵਿਭਾਗ ਦੇ ਸਰਕਲ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਮੀਟਿੰਗ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਕੀਤੀ ਗਈ ਯੋਜਨਾਬੰਦੀ ਤਹਿਤ ਹਰੇਕ ਸੈਕਟਰ ਅਧਿਕਾਰੀ ਉਤੇ ਨਜ਼ਰ ਰੱਖਣ, ਕਿ ਉਹ ਸੈਟੇਲਾਈਟ ਤੋਂ ਮਿਲ ਰਹੀ ਜਾਣਕਾਰੀ ਉਤੇ ਮਿਥੇ ਸਮੇਂ ਵਿਚ ਕਾਰਵਾਈ ਕਰੇ। ਉਨਾਂ ਕਿਹਾ ਕਿ ਜੋ ਵੀ ਸੈਕਟਰ ਅਧਿਕਾਰੀ ਆਪਣੀ ਡਿਊਟੀ ਵਿਚ ਕੁਤਾਹੀ ਕਰੇਗਾ, ਉਸ ਵਿਰੁੱਧ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਕਿਸਾਨਾਂ ਦੇ ਨਾਲ-ਨਾਲ ਪੰਚਾਇਤਾਂ, ਖੁਸ਼ਹਾਲੀ ਦੇ ਰਾਖਿਆਂ, ਬਿਜਲੀ ਵਿਭਾਗ, ਸਹਿਕਾਰਤਾ ਵਿਭਾਗ, ਪ੍ਰਦੂਸ਼ਣ ਵਿਭਾਗ, ਖੇਤੀਬਾੜੀ ਵਿਭਾਗ, ਮਾਲ ਵਿਭਾਗ ਆਦਿ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਪੰਚਾਇਤ ਵਿਭਾਗ ਪੰਚਾਇਤਾਂ ਰਾਹੀਂ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਅਤੇ ਗ੍ਰਾਮ ਸਭਾ ਕੋਲੋਂ ਇਸ ਬਾਬਤ ਮਤੇ ਵੀ ਪਾਸ ਕਰਵਾਏ ਜਾ ਰਹੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਾਨ ਦੀ ਵੇਖਾ-ਵੇਖੀ ਆਪਣੇ ਖੇਤ ਵਿਚ ਅੱਗ ਨਾ ਲਗਾਉਣ, ਕਿਉਂਕਿ ਜਿਲੇ ਦਾ ਹਰ ਖੇਤ ਸਾਡੀਆਂ ਟੀਮਾਂ ਦੀ ਨਿਗਾ ਵਿਚ ਹੈ ਅਤੇ ਜੋ ਵੀ ਅੱਗ ਲਗਾਏਗਾ, ਉਸ ਵਿਰੁੱਧ ਕਾਰਵਾਈ ਹੋਣੀ ਯਕੀਨੀ ਹੈ।

Leave a Reply

Your email address will not be published. Required fields are marked *