December 26, 2024

ਪਰਾਲੀ ਨੂੰ ਸਾੜਨ ਤੋਂ ਰੋਕਣ ਲਈ 776 ਨੋਡਲ ਅਧਿਕਾਰੀ ਲਗਾਏ **ਕਿਸਾਨ ਪਰਾਲੀ ਨੂੰ ਖੇਤਾਂ ਵਿਚ ਮਿਲਾ ਕੇ ਵਾਤਾਵਰਣ ਦੀ ਸੰਭਾਲ ਵਿਚ ਯੋਗਦਾਨ ਪਾਉਣ- ਡਿਪਟੀ ਕਮਿਸ਼ਨਰ

0

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ

*ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ ਝੋਨੇ ਦੀ ਪਰਾਲੀ **ਜਿਲੇ ਵਿਚ ਹਰ ਤਰਾਂ ਦੀ ਖੇਤੀ ਮਸ਼ੀਨਰੀ ਮੌਜੂਦ

ਅੰਮ੍ਰਿਤਸਰ / 23 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲੇ ਦੇ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਵੱਲੋਂ ਝੋਨੇ ਦੀ ਕਟਾਈ ਉਪਰੰਤ ਬਚੀ ਹੋਈ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਪੂਰਨ ਮਨਾਹੀ ਹੈ, ਸੋ ਕਿਸਾਨ ਵੀਰ ਪਰਾਲੀ ਨੂੰ ਜਾਂ ਤਾਂ ਪਸ਼ੂ-ਧੰਨ ਦੀਆਂ ਲੋੜਾਂ ਲਈ ਇਕੱਠਾ ਕਰਕੇ ਖੇਤਾਂ ਤੋਂ ਬਾਹਰ ਕੱਢ ਕੇ ਸਾਂਭ ਲੈਣ ਜਾਂ ਖੇਤ ਵਿੱਚ ਹੀ ਪਰਾਲੀ ਨੂੰ ਵਾਹ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ। ਸ. ਖਹਿਰਾ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸੈਟੇਲਾਈਟ ਦੁਆਰਾ ਖੇਤਾਂ ਉਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਨੂੰ ਸਾੜਨ ਤੋ ਰੋਕਣ ਲਈ ਜਿਲੇ ਵਿਚ 776 ਨੋਡਲ ਅਧਿਕਾਰੀ ਅਤੇ 47 ਸੈਕਟਰ ਅਫਸਰ ਤਾਇਨਾਤ ਕੀਤੇ ਹਨ। ਜੋ ਕਿ ਖੇਤੀ, ਪ੍ਰਦੂਸ਼ਣ ਅਤੇ ਮਾਲ ਵਿਭਾਗ ਨਾਲ ਮਿਲਕੇ ਕੰਮ ਕਰ ਰਹੇ ਹਨ।

ਉਨਾਂ ਕਿਸਾਨਾਂ  ਨੂੰ ਅਪੀਲ ਕੀਤੀ ਕਿ ਖੇਤ ਵਿਚ ਜੈਵਿਕ ਮਾਦਾ ਤਿਆਰ ਕਰਨ ਲਈ ਫਸਲਾਂ ਦੀ ਰਹਿੰਦ-ਖੂੰਹਦ, ਜੋ ਕਿ ਕੁਦਰਤ ਵੱਲੋਂ ਬਖਸਿਆ ਵੱਡਾ ਖਜ਼ਾਨਾ ਹੈ, ਦੀ ਵੱਡੀ ਭੂਮਿਕਾ ਹੈ। ਇਸ ਲਈ ਇਸ ਕੁਦਰਤੀ ਖਾਦ ਨੂੰ ਅੱਗ ਲਗਾ ਕੇ ਸੁਆਹ ਕਰਨ ਦੀ ਖੇਤ ਵਿਚ ਵਾਹੋ, ਜਿਸ ਨਾਲ ਅਗਲੀ ਫਸਲ ਵਿਚ ਘੱਟ ਰਸਾਇਣਕ ਖਾਦ ਪਾਉਣ ਦੀ ਲੋੜ ਪਵੇਗੀ। ਉਨਾਂ ਕਿਹਾ ਕਿ ਜਿਲੇ ਦੇ ਸੈਂਕੜੇ ਕਿਸਾਨ ਅਜਿਹੇ ਹਨ, ਜੋ ਕਈ ਸਾਲਾਂ ਤੋਂ ਪਰਾਲੀ ਅਤੇ ਨਾੜ ਨੂੰ ਖੇਤਾਂ ਵਿਚ ਵਾਹ ਰਹੇ ਹਨ ਅਤੇ ਉਨਾਂ ਦਾ ਤਜ਼ਰਬਾ ਹੈ ਕਿ ਉਹ ਘੱਟ ਖਰਚ ਕਰਕੇ ਫਸਲ ਦਾ ਵੱਧ ਝਾੜ ਲੈਂਦੇ ਹਨ।

ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ 1775 ਮਸ਼ੀਨਾਂ ਕਿਸਾਨਾਂ, ਕਿਸਾਨ ਗਰੁੱਪਾਂ ਅਤੇ ਸਹਿਕਾਰੀ ਸਭਾਵਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਸ ਤੋਂ ਇਲਾਵਾਂ ਕਿਸਾਨਾਂ ਪਾਸ ਪਹਿਲਾਂ ਤੋਂ ਮੌਜੂਦ ਹਜਾਰਾਂ ਖੇਤੀ ਸੰਦ ਵੀ ਪਰਾਲੀ ਦੀ ਸੰਭਾਲ ਲਈ ਵਰਤੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਜਿਲੇ ਅੰਦਰ ਬੇਲਰ ਮਸ਼ੀਨਾਂ ਵੀ ਮੁਹੱਇਆ ਕਰਵਾਈਆਾਂ ਗਈਆਂ ਹਨ ਅਤੇ ਕਿਸਾਨ ਛੇਤੀ ਖੇਤ ਖਾਲੀ ਕਰਨ ਲਈ ਇੰਨਾਂ ਬੇਲਰਾਂ ਦੀ ਸਹਾਇਤਾ ਵੀ ਲੈ ਸਕਦੇ ਹਨ। ਉਨਾਂ ਦੱਸਿਆ ਕਿ ਇਹਨਾਂ ਮਸ਼ੀਨ ਚਾਲਕਾਂ ਵੱਲੋਂ ਬਹੁਤ ਹੀ ਜਾਇਜ ਰੇਟ ਕੇਵਲ 1000/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਗੱਠਾਂ ਬਣਾਉਣ ਦੇ ਨਾਲ-ਨਾਲ ਪਰਾਲੀ ਦੀ ਚੁਕਾਈ ਵੀ ਕੀਤੀ ਜਾਵੇਗੀ ਜਿਸ ਨਾਲ ਅਗਲੀ ਫਸਲ ਲਈ ਖੇਤ ਤਿਆਰ ਹੋ ਜਾਵੇਗਾ ਅਤੇ ਖਰਚ ਵੀ ਘੱਟ ਆਵੇਗਾ।

Leave a Reply

Your email address will not be published. Required fields are marked *