ਅੰਮ੍ਰਿਤਸਰ 21 ਸਤੰਬਰ / ਨਿਊ ਸੁਪਰ ਭਾਰਤ ਨਿਊਜ਼:
ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਝੋਨੇ ਦੀ ਕਟਾਈ ਉਪਰੰਤ ਬਚੀ ਹੋਈ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਪੂਰਨ ਮਨਾਹੀ ਹੈ। ਜਿਲੇ੍ਹ ਦੇ ਸਮੂਹ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਨੂੰ ਇਕੱਠਾ ਕਰਕੇ ਖੇਤਾਂ ਤੋਂ ਬਾਹਰ ਕੱਢ ਲੈਣ ਜਾਂ ਖੇਤ ਵਿੱਚ ਹੀ ਪਰਾਲੀ ਨੂੰ ਵਾਹ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਪਰਾਲੀ ਪ੍ਰਬੰਧਨ ਲਈ 1775 ਮਸ਼ੀਨਾਂ ਕਿਸਾਨਾਂ, ਕਿਸਾਨ ਗਰੁੱਪਾਂ ਅਤੇ ਸਹਿਕਾਰੀ ਸਭਾਵਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਸ ਤੋਂ ਇਲਾਵਾਂ ਕਿਸਾਨਾਂ ਪਾਸ ਪਹਿਲਾਂ ਤੋਂ ਮੌਜੂਦ ਹਜਾਰਾਂ ਖੇਤੀ ਸੰਦ ਵੀ ਪਰਾਲੀ ਦੀ ਸੰਭਾਲ ਲਈ ਵਰਤੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਜਿਲ੍ਹੇ ਅੰਦਰ ਬੇਲਰ ਮਸ਼ੀਨਾਂ ਉਪਲੱਬਧ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਗੁਰਦਿਆਲ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਬੇਲਰ ਮਸ਼ੀਨ ਮਾਲਕਾਂ ਨੂੰ ਮਾਲਵਾ ਤੋਂ ਉਚੇਚੇ ਤੌਰ ਤੇ ਬੁਲਾਇਆ ਗਿਆ ਹੈ ਤਾਂ ਜੋ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਟਾਈ ਉਪਰੰਤ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਗੁਰਬਿੰਦਰ ਸਿੰਘ (94630-46547 ਅਤੇ 99158-36547), ਕੁਲਦੀਪ ਸਿੰਘ (70096-48671 ਅਤੇ 98766-23057), ਗੁਰਦੀਪ ਸਿੰਘ (89689-00150), ਕੁਲਦੀਪ ਸਿੰਘ (94641-31966), ਰਾਜੂ ਸਿੰਘ (97500-00329 ਅਤੇ 97000-93693), ਜਗਤਾਰ ਸਿੰਘ (94649-06242 ਅਤੇ 78141-01180), ਕਰਮਜੀਤ ਸਿੰਘ (62837-77811) ਤੇ ਸੰਪਰਕ ਕੀਤਾ ਜਾਵੇ। ਇਹਨਾਂ ਮਸ਼ੀਨ ਚਾਲਕਾਂ ਵੱਲੋਂ ਬਹੁਤ ਹੀ ਜਾਇਜ ਰੇਟ ਕੇਵਲ 1000/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਗੱਠਾਂ ਬਣਾਉਣ ਦੇ ਨਾਲ ਨਾਲ ਚੁਕਾਈ ਵੀ ਕੀਤੀ ਜਾਵੇਗੀ ਅਤੇ ਜਿਸ ਨਾਲ ਅਗਲੀ ਫਸਲ ਲਈ ਖੇਤ ਤਿਆਰ ਹੋ ਜਾਵੇਗਾ ਅਤੇ ਖਰਚ ਵੀ ਘੱਟ ਆਵੇਗਾ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕੀਤਾ ਜਾਵੇ ਸਗੋਂ ਇਸ ਦੀਆਂ ਗੱਠਾਂ ਬਣਾ ਕੇ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢ ਲਿਆ ਜਾਵੇ।
———