ਸਰਹੱਦੀ ਪੱਟੀ ਅਤੇ ਵੱਲਾ ਖੇਤਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਔਜਲਾ ਵੱਲੋਂ ਰੱਖਿਆ ਮੰਤਰੀ ਨਾਲ ਮੁਲਾਕਾਤ

ਰੱਖਿਆ ਮੰਤਰੀ ਸ੍ਰੀ ਰਾਜ ਨਾਥ ਸਿੰਘ ਨਾਲ ਗੱਲਬਾਤ ਕਰਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ।
ਅੰਮਿ੍ਤਸਰ / 20 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਰਹੱਦੀ ਪੱਟੀ ਅਤੇ ਵੱਲਾ ਖੇਤਰ ਦੀਆਂ ਸਮੱਸਿਆਵਾਂ, ਜੋ ਕਿ ਫੌਜ ਵੱਲੋਂ ਲਗਾਈਆਂ ਗਈਆਂ ਰੋਕਾਂ ਕਾਰਨ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਲੱਖਾਂ ਲੋਕਾਂ ਦੇ ਰੋਜ਼ਮਰਾ ਜੀਵਨ ਵਿਚ ਮੁਸ਼ਿਕਲਾਂ ਖੜੀਆਂ ਕਰ ਰਹੀਆਂ ਹਨ, ਦੇ ਹੱਲ ਕਰਵਾਉਣ ਲਈ ਅੱਜ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨਵੀਂ ਦਿੱਲੀ ਵਿਚ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਮਿਲੇ। ਉਨਾਂ ਨੇ ਦੱਸਿਆ ਕਿ ਵੱਲਾ ਸਬਜੀ ਮੰਡੀ ਜੋ ਕਿ ਸਰਹੱਦੀ ਪੱਟੀ ਦੀ ਸਭ ਤੋਂ ਵੱਡੀ ਸਬਜੀ ਮੰਡੀ ਹੈ ਵਿਚ ਸੈਡ ਦਾ ਕੰਮ ਕਰਵਾਇਆ ਜਾਣਾ ਹੈ, ਪਰ ਫੌਜ ਵੱਲੋਂ ਇਹ ਉਸਾਰੀ ਕਰਨ ਨਹੀਂ ਦਿੱਤੀ ਜਾ ਰਹੀ। ਇਸੇ ਤਰਾਂ ਵੱਲਾ ਫਾਟਕ ਉਤੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਤਜਵੀਜ਼ ਹੈ, ਪਰ ਫੌਜ ਆਪਣਾ ਖੇਤਰ ਨੇੜੇ ਪੈਂਦਾ ਹੋਣ ਕਾਰਨ ਇਹ ਉਸਾਰੀ ਵੀ ਨਹੀਂ ਕਰਨ ਦੇ ਰਹੀ।
ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਵੱਲਾ ਵਿਚ ਰਾਜ ਸਰਕਾਰ ਵੱਲੋਂ ਹੋਰ ਕਮਰਿਆਂ ਦੀ ਉਸਾਰੀ ਲਈ ਗਰਾਂਟ ਭੇਜੀ ਗਈ ਹੈ, ਪਰ ਇਹ ਕੰਮ ਵੀ ਫੌਜ ਕਰਨ ਨਹੀਂ ਦੇ ਰਹੀ। ਇਸ ਲਈ ਵਿਭਾਗ ਵੱਲੋਂ ਇਤਰਾਜ਼ ਨਹੀਂ ਦੇ ਸਰਟੀਫਿਕੇਟ ਦੀ ਲੋੜ ਹੈ। ਉਨਾਂ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦਿਨੇਸ਼ ਬੱਸੀ, ਜੋ ਕਿ ਇੰਨਾਂ ਕੰਮਾਂ ਨੂੰ ਲੈ ਕੇ ਬੜੇ ਉਤਸ਼ਾਹਿਤ ਹਨ, ਨੇ ਇਹ ਸਾਰੇ ਕੰਮ ਮੇਰੇ ਧਿਆਨ ਵਿਚ ਲਿਆਂਦੇ ਹਨ, ਪਰ ਇਹ ਕੰਮ ਪੂਰੇ ਕਰਵਾਉਣ ਲਈ ਰੱਖਿਆ ਮੰਤਰਾਲੇ ਵੱਲੋਂ ਪ੍ਰਵਾਨਗੀ ਦੀ ਲੋੜ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਰਣਜੀਤ ਐਵੀਨਿਊ ਵਿਚ 97 ਏਕੜ ਸਕੀਮ ਵਿਚ ਏਅਰ ਫੋਰਸ ਦੇ ਕੁਆਰਟਰ ਨੇੜੇ 100 ਮੀਟਰ ਤੱਕ ਉਸਾਰੀ ਨਹੀਂ ਕਰਨ ਦਿੱਤੀ ਜਾ ਰਹੀ, ਜਦਕਿ ਕਾਨੂੰਨ ਅਨੁਸਾਰ 10 ਮੀਟਰ ਦੀ ਦੂਰੀ ਦੀ ਲੋੜ ਹੈ। ਉਨਾਂ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਰੱਖਿਆ ਮੰਤਰਾਲੇ ਕੋਲੋਂ ਸਹਿਯੋਗ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਸ. ਔਜਲਾ ਨੇ ਸਰਹੱਦ ਉਤੇ ਕਈ ਥਾਵਾਂ ਉਤੇ ਗਲਤ ਢੰਗ ਨਾਲ ਲਗਾਈ ਗਈ ਕੰਡਿਆਲੀ ਤਾਰ ਜੋ ਕਿ ਕਈ ਕਿਸਾਨਾਂ ਨੂੰ ਜ਼ਮੀਨ ਉਤੇ ਖੇਤੀ ਕਰਨ ਵਿਚ ਅੜਚਣਾ ਪੈਦਾ ਕਰ ਰਹੀ ਹੈ, ਨੂੰ ਠੀਕ ਕਰਨ ਦੀ ਮੰਗ ਵੀ ਕੀਤੀ। ਉਨਾਂ ਕਿਹਾ ਕਿ ਇਸ ਗਲਤੀ ਦਾ ਖਮਿਆਜ਼ਾ ਸਾਡੇ ਕਈ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਉਹ ਇਨਾਂ ਜ਼ਮੀਨਾਂ ਉਤੇ ਖੇਤੀ ਵੀ ਨਹੀਂ ਕਰ ਸਕਦੇ ਅਤੇ ਸਰਕਾਰ ਵੱਲੋਂ ਇਸ ਲਈ ਕੋਈ ਮੁਆਵਜ਼ਾ ਵੀ ਕਿਸਾਨ ਨੂੰ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਸਰਹੱਦੀ ਖੇਤਰ ਵਿਚ ਪੈਂਦੇ ਕਈ ਪੁੱਲ ਅਤੇ ਪੁਲੀਆਂ ਬਣਨ ਵਾਲੇ ਹਨ, ਜਿੰਨਾ ਉਤੇ ਫੌਜ ਵੱਲੋਂ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਸ. ਔਜਲਾ ਨੇ ਮੰਗ ਕੀਤੀ ਕਿ ਜੇਕਰ ਫੌਜ ਵੱਲੋਂ ਸਹਿਯੋਗ ਮਿਲੇ ਤਾਂ ਸਰਹੱਦੀ ਖੇਤਰ ਦੇ ਪੁੱਲ ਆਦਿ ਚੌੜੇ ਕੀਤੇ ਜਾ ਸਕਦੇ ਹਨ। ਉਕਤ ਮੁਲਕਾਤ ਮਗਰੋਂ ਸ. ਔਜਲਾ ਨੇ ਦੱਸਿਆ ਕਿ ਸ੍ਰੀ ਰਾਜਨਾਥ ਸਿੰਘ ਨੇ ਸਾਰੇ ਮਸਲੇ ਬੜੇ ਧਿਆਨ ਨਾਲ ਸੁਣੇ ਅਤੇ ਇਨਾਂ ਦੇ ਛੇਤੀ ਹੱਲ ਦਾ ਭਰੋਸਾ ਵੀ ਦਿੱਤਾ ਹੈ। ਆਸ ਹੈ ਕਿ ਇਹ ਕੰਮ ਨਿਕਟ ਭਵਿੱਖ ਵਿਚ ਸ਼ੁਰੂ ਹੋ ਜਾਣਗੇ।