ਧਾਰਮਿਕ ਸ਼ਖ਼ਸੀਅਤ ਸੁਰਿੰਦਰ ਸਿੰਘ ਦੇ ਤੁਰ ਜਾਣ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ: ਰੰਧਾਵਾ
ਅੰਮਿ੍ਤਸਰ / 20 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਲਗਭਗ ਅੱਧੀ ਸਦੀ ਤੋਂ ਰੋਜ਼ਾਨਾ ਅੰਮਿ੍ਤ ਵੇਲੇ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ,ਪਾਲਕੀ ਸਾਹਿਬ’ਚ ਸ਼ਸ਼ੋਭਿਤ ਕਰਕੇ ਗੁਰਬਾਣੀ ਦੇ ਜਾਪ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਲਿਜਾਣ ਵੇਲੇ ਕੀਰਤਨ ਬੰਦ ਹੋਣ ਉਪਰੰਤ ‘’ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ“ ਦਾ ਜਾਪ ਤੇ ਫਿਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਭੱਟਾਂ ਦੇ ਸਵਈਏ ਪੜਨ ਦੀ ਸੇਵਾ ਕਰਨ ਵਾਲੇ ਗੁਰੂ ਰਾਮਦਾਸ ਜੀ ਦੇ ਦਰ ਦੇ ਅਨਿਨ ਸੇਵਕ ਸ੍ਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਜੋ ਕੁੱਝ ਦਿਨ ਬਿਮਾਰ ਰਹਿਣ ਕਾਰਣ ਗੁਰੂ ਚਰਨਾਂ’ਚ ਜਾ ਬਿਰਾਜੇ ,ਓਹਨਾਂ ਦੇ ਜਲਦ ਤੁਰ ਜਾਣ ਨਾਲ ਸਿੱਖ ਕੌਮ ਨੂੰ ਬੜਾ ਵੱਡਾ ਘਾਟਾ ਪਿਆ ਹੈ , ਉਹ ਵਿਅਕਤੀ ਨਹੀਂ ਇੱਕ ਸੰਸਥਾ ਸਨ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ੍ਰ ਸੁੱਖਜਿੰਦਰ ਸਿੰਘ ਰੰਧਾਵਾ ਨੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਤੇ ਕਾਂਗਰਸੀ ਆਗੂ ਸ੍ਰ ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਗੱਲ-ਬਾਤ ਕਰਦਿਆਂ ਕੀਤਾ ।
ਸ੍ਰ ਰੰਧਾਵਾ ਨੇ ਕਿਹਾ ਕਿ ਉਹ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸਿੱਖ ਸੰਸਥਾਵਾਂ ਨਾਲ ਨੇੜਿਓਂ ਹੋ ਕੇ ਜੁੜੇ ਸਨ ਸਿੱਖਾਂ ਦੀ ਪੁਰਾਣੀ ਧਾਰਮਿਕ ਤੇ ਸਿੱਖ ਵਿੱਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ , ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਮੈਂਬਰ , ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸਕੱਤਰ , ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਦੇ ਮੈਂਬਰ , ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂ ਵਾਲੇ ਦੇ ਮੈਂਬਰ ਇੰਚਾਰਜ ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ’ਚ ਬਾਖੂਬੀ ਸੇਵਾ ਨਿਭਾ ਰਹੇ ਸਨ ਪਿਛਲੇ ਸਮੇਂ ਦੋਰਾਨ ਚੀਫ ਖਾਲਸਾ ਦੀਵਾਨ ਵਿੱਚ ਆਏ ਨਿਘਾਰ ਦਾ ਓਹਨਾਂ ਦੇ ਮਨ ਤੇ ਬਹੁਤ ਡੂੰਘਾ ਅਸਰ ਸੀ ਤਾਂ ਈ ਉਹ ਦੀਵਾਨ ਦੀ ਹਮੇਸ਼ਾਂ ਚੜਦੀ ਕਲਾ ਤੇ ਬਿਹਤਰੀ ਦੀਆਂ ਤਰਕੀਬਾਂ ਸੋਚਦੇ ਰਹਿੰਦੇ ਸਨ ਜਿਸ ਕਾਰਣ ਦੀਵਾਨ ਹੁਣ ਫਿਰ ਚੜਦੀ ਕਲਾ ਤੇ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸ੍ਰ ਰੰਧਾਵਾ ਨੇ ਕਿਹਾ ਕਿ ਪਿਛਲੇ ਦਿਨੀਂ ਸਿੱਖ ਬੁੱਧੀਜੀਵੀ ਸ੍ਰ ਹਰਚਰਨ ਸਿੰਘ , ਮਹਾਨ ਕੀਰਤਨੀਏ , ਭਾਈ ਨਿਰਮਲ ਸਿੰਘ , ਭਾਈ ਹਰਨਾਮ ਸਿੰਘ ,ਸ੍ਰ ਜੋਗਿੰਦਰ ਸਿੰਘ ਭਸੀਣ ਜਿੰਨਾਂ ਨੇ 1947 (ਭਾਰਤ -ਪਾਕਿਸਤਾਨ ) ਵੰਡ ਤੋਂ ਬਾਅਦ 1948 ਵਿੱਚ ਸਿੱਖਾਂ ਵੱਲੋਂ ਰੋਜ਼ਾਨਾ ਗੁਰੂ ਘਰਾਂ’ਚ ਕੀਤੀ ਜਾਂਦੀ ਅਰਦਾਸ ਕਿ “ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿੰਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ਼ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖ਼ਸ਼ੋ “ ਲਿਖੀ ਸੀ ,ਇਹ ਸਾਰੇ ਗੁਰੂ ਚਰਨਾਂ’ ਜਾ ਬਿਰਾਜੇ ,
ਸੋ ਮੈਂ ਇਸ ਚੱਲ ਰਹੀ ਮਹਾਮਾਰੀ ਕਾਰਨ ਜਾਤੀ ਤੌਰ ਤੇ ਨਹੀਂ ਪਹੁੰਚ ਸਕਿਆ ਮੈਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਗੁਰੂ ਰਾਮਦਾਸ ਜੀ ਦੇ ਚਰਨਾਂ’ਚ ਅਰਦਾਸ ਬੇਨਤੀ ਕਰਦਾ ਕਿ ਸੱਚੇਪਾਤਸ਼ਾਹ ਓਹਨਾਂ ਵਿੱਛੜੀਆਂ ਹੋਈਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣਾ ਤੇ ਪਿੱਛੇ ਪਰਿਵਾਰ ਤੇ ਕੌਮ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣਾ ।