ਪੋਸ਼ਣ ਮਾਹ ਤਹਿਤ ਕਿਚਨ ਗਾਰਡਨ ਲਈ ਵੰਡੀਆਂ ਮੁਫ਼ਤ ਕਿੱਟਾਂ
ਅੰਮ੍ਰਿਤਸਰ / 18 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਅਤੇ ਸਬੰਧਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਨਾਏ ਜਾ ਰਹੇ ਪੋਸ਼ਣ ਮਾਹ ਤਹਿਤ ਜ਼ਿਲੇ ਅੰਦਰ ਵਿਚ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗਕਲਾਂ ਦੇ ਸਹਿਯੋਗ ਨਾਲ ਇਕ ਸਾਂਝਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਰਈਆ ਸ਼੍ਰੀਮਤੀ ਖੁਸ਼ਮੀਤ ਕੌਰ ਅਤੇ ਆਂਗਨਵਾੜੀ ਵਰਕਰਾਂ ਦੀ ਹਾਜ਼ਰੀ ਵਿਚ ਵੱਖ-ਵੱਖ ਤਰਾਂ ਦੀਆਂ ਸਬਜ਼ੀਆਂ ਦੇ ਬੀਜ਼ਾਂ ਦੀਆਂ 35 ਕਿਚਨ ਗਾਰਡਨ ਕਿੱਟਾਂ ਨਾਗਕਲਾਂ ਵਿਚ ਅਤੇ 15 ਕਿੱਟਾ ਤਰਸਿੱਕਾ ਵਿਚ ਮੁਫ਼ਤ ਵੰਡੀਆਂ ਗਈਆਂ। ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਸਤੰਬਰ ਮਹੀਨੇ ਮਨਾਏ ਜਾਂਦੇ ਪੋਸ਼ਣ ਮਾਹ ਤਹਿਤ ਇਸ ਵਾਰ ਵਿਭਾਗ ਵੱਲੋਂ ਕੁਪੋਸ਼ਿਤ ਬੱਚਿਆਂ ਦੀ ਪਹਿਚਾਣ ਕਰ ਕੇ ਉਨਾਂ ਨੂੰ ਹਰ ਤਰਾਂ ਦਾ ਮੈਡੀਕਲ ਇਲਾਜ ਅਤੇ ਖ਼ੁਰਾਕ ਰਾਹੀਂ ਤੰਦਰੁਸਤ ਕਰਨਾ ਮੁੱਖ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਿਊਟਰੀ ਗਾਰਡਨ/ਕਿਚਨ ਗਾਰਡਨ ਲਈ ਵੱਧ ਤੋਂ ਵੱਧ ਘਰਾਂ, ਆਂਗਨਵਾੜੀ ਸੈਂਟਰਾਂ ਅਤੇ ਸਕੂਲਾਂ ਵਿਚ ਫ਼ਲਦਾਰ ਬੂਟੇ ਅਤੇ ਸਬਜ਼ੀਆਂ ਦੀ ਉਪਜ ਨਾਲ ਬੱਚਿਆਂ ਅਤੇ ਮਾਵਾਂ ਨੂੰ ਚੰਗੀ ਖ਼ੁਰਾਕ ਦੇ ਕੇ ਖ਼ੂਨ ਦੀ ਕਮੀ ਤੋਂ ਬਚਣ ਲਈ ਇਹ ਉਪਰਾਲੇ ਜਾਰੀ ਹਨ। ਇਸ ਮਿਸ਼ਨ ਵਿਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਹੋਰ ਵਿਭਾਗ ਵੀ ਆਪਣਾ ਯੋਗਦਾਨ ਪਾ ਰਹੇ ਹਨ।
ਜਿਲਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ ਵਿਖੇ ਪੋਸ਼ਣ ਮਹਾਂ ਨੂੰ ਲੈ ਕੇ ਇਕ ਲੈਕਚਰ ਵੀ ਕਰਵਾਇਆ ਗਿਆ ਜਿਸ ਵਿੱਚ ਪੋਸ਼ਣ ਮਹਾਂ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ ਤਨੁਜਾ ਗੋਇਲ, ਸ੍ਰੀ ਗਗਨਦੀਪ ਸਿੰਘ, ਮੈਡਮ ਸੁਖਵਿੰਦਰ ਕੌਰ ਅਤੇ ਆਂਗਨਵਾੜੀ ਵਰਕਰਾਂ ਵੀ ਹਾਜਰ ਸਨ।