*ਸਮਾਰਟ ਸਿਟੀ ਮਿਸ਼ਨ ਤਹਿਤ 125 ਕਰੋੜ ਰੁਪਏ ਦੀ ਲਾਗਤ ਨਾਲ 28 ਮਹੀਨਿਆਂ ਵਿੱਚ ਹੋਵੇਗਾ ਕੰਮ ਪੂਰਾ **ਬਿਜਲੀ ਦੀਆਂ ਅਤੇ ਹੋਰ ਤਾਰਾਂ ਕੀਤੀਆਂ ਜਾਣਗੀਆਂ ਅੰਡਰਗਰਾਉਡ
ਅੰਮ੍ਰਿਤਸਰ / 18 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਮਾਰਟ ਸਿਟੀ ਮਿਸ਼ਨ ਦੇ ਤਹਿਤ ਵਾਲ ਸਿਟੀ ਦੇ ਆਲੇ ਦੁਆਲੇ 12 ਗੇਟਾਂ ਤੋਂ ਨਿਕਲਣ ਵਾਲੀ ਆਉਟਰ ਸਰਕੂਲਰ ਰੋਡ ਨੂੰ ਵਿਕਸਿਤ ਕਰਕੇ ਸਮਾਰਟ ਰੋਡ ਵਜੋਂ ਵਿਕਸਤ ਕੀਤਾ ਜਾਵੇਗਾ। ਇਸ 7.4 ਕਿਲੋਮੀਟਰ ਲੰਬੀ ਰਿੰਗ ਰੋਡ ਨੂੰ 125 ਕਰੋੜ ਰੁਪਏ ਖ਼ਰਚ ਆਉਣਗੇ ਅਤੇ ਅਗਲੇ 5 ਸਾਲਾਂ ਲਈ ਇਸ ਦੀ ਦੇਖਰੇਖ ਵੀ ਸਬੰਧਤ ਕੰਪਨੀ ਵਲੋ ਹੀ ਕੀਤੀ ਜਾਵੇਗੀ।
ਇਸ ਆਉਂਟਰ ਸਕਰੂਲਰ ਰੋਡ ਦਾ ਉਦਘਾਟਨ ਕਰਦੇ ਹੋਏ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਕਿਹਾ ਕਿ ਫਿਲਹਾਲ ਸੜਕ ਦੀ ਹਾਲਤ ਕਾਫ਼ੀ ਮਾੜੀ ਹੈ, ਜਿਸ ਕਾਰਨ ਇੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ । ਉਥੇ ਹੀ ਪੈਦਲ ਚੱਲਣ ਵਾਲਿਆਂ ਲਈ ਕੋਈ ਸਹੂਲਤ ਨਹੀਂ ਹੈ। ਉਨਾਂ ਕਿਹਾ ਕਿ ਫੁੱਟਪਾਥਾਂ ‘ਤੇ ਵੀ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ਬੇਢੰਗ ਤਰੀਕੇ ਨਾਲ ਲੱਗਣ ਵਾਲੀ ਰੇਹੜੀਆਂ ਕਰਕੇ ਵੀ ਰੋਡ ਤੇ ਮੌਜੂਦ ਥਾਂ ਦੀ ਪੂਰੀ ਵਰਤੋਂ ਨਹੀ ਹੋ ਰਹੀ। ਉਨਾਂ ਦੱਸਿਆ ਕਿ ਇਨਾਂ ਸਾਰੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ, ਇਸ ਸੜਕ ਨੂੰ ਇੱਕ ਸਮਾਰਟ ਰੋਡ ਵਜੋਂ ਤਿਆਰ ਕੀਤਾ ਜਾ ਰਿਹਾ ਹੈ ਜਿਸ ਤੇ 118.65 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਸੜਕ ਅਗਲੇ 28 ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ। ਉਨਾਂ ਦੱਸਿਆ ਕਿ ਕੰਮ ਮੁਕੰਮਲ ਹੋਣ ਤੋਂ ਬਾਅਦ ਅਗਲੇ 5 ਸਾਲਾਂ ਲਈ ਠੇਕੇਦਾਰ ਵਲੋਂ ਰੋਡ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਨਾਜਾਇਜ਼ ਪਾਰਕਿੰਗ ਅਤੇ ਨਜਾਇਜ਼ ਕਬਜ਼ੇ ਰੋਕਣ ਲਈ ਮਾਰਸ਼ਲ ਵੀ ਤਾਇਨਾਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਤੇ ਇਹ ਰੋਡ ਸ਼ਹਿਰ ਦੀ ਸਭ ਤੋਂ ਸੁੰਦਰ ਸੜਕ ਬਣੇਗੀ।
ਸ੍ਰੀ ਸੋਨੀ ਨੇ ਕਿਹਾ ਕਿ ਸਮਾਰਟ ਰੋਡ ਵਜੋਂ ਵਿਕਸਤ ਹੋਣ ਦੇ ਨਾਲ ਵਾਲ ਸਿਟੀ ਖੇਤਰ ਵਿੱਚ ਲੋਕਲ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਅਤੇ ਮੌਜੂਦਾ ਸਮੇਂ ਸੈਲਾਨੀ ਹੈਰੀਟੇਜ ਸਟਰੀਟ ਤੱਕ ਹੀ ਸੀਮਿਤ ਰਹਿੰਦੇ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਸਮਾਰਟ ਰੋਡ ਦੇ ਨਿਰਮਾਣ ਨਾਲ ਵਾਲ ਸਿਟੀ ਦੀ ਸੁੰਦਰਤਾ ਵਧੇਗੀ, ਜਿਸ ਨਾਲ ਟੂਰਿਸਟ ਇਤਿਹਾਸਕ ਵਾਲ ਸਿਟੀ ਅਤੇ 12 ਦਰਵਾਜ਼ਿਆਂ ਦੇ ਆਸ ਪਾਸ ਦੇ ਇਲਾਕੇ ਵਿੱਚ ਅਸਾਨੀ ਨਾਲ ਘੁੰਮ ਸਕਣਗੇ ਜਿਸ ਨਾਲ ਉਥੇ ਮੌਜੂਦ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਲਾਭ ਹੋਵੇਗਾ ਅਤੇ ਕਾਰੋਬਾਰ ਲਈ ਨਵੇਂ ਮੌਕੇ ਪੈਦਾ ਹੋਣਗੇ। ਉਨਾਂ ਦੱਸਿਆ ਕਿ ਇਸ ਰੋਡ ਤੇ ਵਧੀਆ ਲਾਈਟਾਂ ਵੀ ਲਗਾਈਆਂ ਜਾਣਗੀਆਂ ਅਤੇ ਲੋਕਾਂ ਦੀ ਸਹੂਲਤ ਲਈ ਵੱਖਰੀ ਪਾਰਕਿੰਗ ਦਾ ਨਿਰਮਾਣ ਵੀ ਕੀਤਾ ਜਾਵੇਗਾ ਜਿਸ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਕਾਫੀ ਸੁਧਾਰ ਹੋਵੇਗਾ।
ਇਸ ਮੌਕੇ ਬੋਲਦਿਆਂ ਸੀਈਓ ਸਮਾਰਟ ਸਿਟੀ ਕੋਮਲ ਮਿੱਤਲ ਨੇ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇਹ ਅੰਮ੍ਰਿਤਸਰ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਹੈ ਜਿਸ ਦੇ ਤਹਿਤ ਸੜਕ ਦੇ ਮੌਜੂਦਾ ਸੀਵਰੇਜ ਦੀ ਡੀ-ਸਿਲਟਿੰਗ ਕੀਤੀ ਜਾਏਗੀ ਅਤੇ ਜਿੱਥੇ ਵੀ ਸੀਵਰੇਜ ਮਾੜੀ ਸਥਿਤੀ ਤੇ ਹੋਵੇਗਾ ਉਥੇ ਇਸ ਦੀ ਮੁਰੰਮਤ ਦੇ ਨਾਲ ਇਕ ਨਵੀਂ ਲਾਈਨ ਵੀ ਪਾਈ ਜਾਵੇਗੀ। ਉਨਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੇ ਨਾਲ ਹਰ ਤਰਾਂ ਦੀਆਂ ਕੇਬਲ, ਟੈਲੀਫੋਨ ਆਦਿ ਦੀਆ ਤਾਰਾਂ ਅੰਡਰਗਰਾਊਂਡ ਕੀਤੀਆਂ ਜਾਣਗੀਆਂ, ਜਿਸ ਨਾਲ ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਕੇਬਲ ਲਾਈਨ ਪਾਉਣ ਲਈ ਕਿਸੇ ਤਰਾਂ ਦੀ ਖੁਦਾਈ ਦੀ ਲੋੜ ਨਹੀ ਪਵੇਗੀ ਅਤੇ ਬਿਜਲੀ ਦੇ ਖੰਭੇ ਟ੍ਰਾਂਸਫਾਰਮਰ ਹਟਾਏ ਜਾਣਗੇ, ਜਿਨਾਂ ਨੂੰ ਨਵੇਂ ਕੰਪੈਕਟ ਸਬਸਟੇਸ਼ਨਾਂ ਨਾਲ ਤਬਦੀਲ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਸੜਕ ਦੇ ਦੋਵੇਂ ਪਾਸਿਆਂ ਤੇ 1.8 ਮੀਟਰ ਚੋੜੇ ਸਾਈਕਲ ਟਰੈਕ ਬਣਾਏ ਜਾਣਗੇ ਤਾਂ ਜੋ ਸਾਈਕਲ ਸਵਾਰਾਂ ਨੂੰ ਆਉਣ- ਜਾਣ ਤੇ ਆਸਾਨੀ ਹੋ ਸਕੇ ਅਤੇ ਪੈਦਲ ਰਾਹਗੀਰਾਂ ਲਈ ਸੜਕ ਦੇ ਦੋਵੇਂ ਪਾਸੇ ਫੁੱਟਪਾਥਾਂ ਦੇ ਨਾਲ-ਨਾਲ ਰਿਕਸ਼ਾ, ਪਾਰਕਿੰਗ ਸਪੇਸ, ਆਟੋ-ਰਿਕਸ਼ਾ ਸਟੈਂਡ ਆਦਿ ਬਣਾਏ ਜਾਣਗੇ ਜਿਸ ਨਾਲ ਸੜਕ ਦੀ ਸੁੰਦਰਤਾ ਨੂੰ ਵਧਾਉਣ ਲਈ ਲੈਂਡ ਸਪੇਸਿੰਗ, ਸਟ੍ਰੀਟ ਫਰਨੀਚਰ, ਗ੍ਰੀਨ ਬੈਲਟ ਅਤੇ ਰੁੱਖ, ਬੱਸ ਸਟੋਪ, ਸ਼ੈਲਟਰ, ਸਾਈਨ ਬੋਰਡ, ਡੇਕੋਰਟੀਵੇ ਲਾਈਟਸ, ਡਿਜੀਟਲ ਐਡਵਰਟਾਈਜਿੰਗ ਬੋਰਡ ਆਦਿ ਵੀ ਲਗਾਏ ਜਾਣਗੇ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਨਵੇਂ ਸਟ੍ਰੀਟ ਵੈਂਡਰ ਜ਼ੋਨ ਵੀ ਬਣਾਏ ਜਾ ਰਹੇ ਹਨ, ਜਿਥੇ ਕਿ ਮੌਜੂਦਾ ਵੈਂਡਰ ਸਹੀ ਢੰਗ ਨਾਲ ਬਿਨਾ ਫੁਟਪਾਥਾਂ ਤੇ ਕਬਜ਼ੇ ਕੀਤੇ ਆਪਣਾ ਸਮਾਨ ਵੇਚ ਸਕਣਗੇ ।
ਇਸ ਮੌਕੇ ਡਿਪਟੀ ਮੇਅਰ ਸ੍ਰੀ ਯੂਨਿਸ ਕੁਮਾਰ, ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਅਰੁਣ ਪੱਪਲ, ਕੌਂਸਲਰ ਵਿਕਾਸ ਸੋਨੀ, ਸ੍ਰੀ ਸੁਰਿੰਦਰ ਛਿੰਦਾ, ਸ੍ਰੀ ਮਹੇਸ਼ ਖੰਨਾ, ਸ੍ਰੀ ਧਰਮਵੀਰ ਸਰੀਨ, ਸ੍ਰੀ ਪਰਮਜੀਤ ਚੋਪੜਾ, ਸ੍ਰੀ ਸੁਨੀਲ ਕਾਉਂਟੀ, ਲਖਵਿੰਦਰ ਸਿੰਘ, ਦਾਰਾ ਸਿੰਘ, ਇਕਬਾਲ ਸਿੰਘ ਸ਼ੈਰੀ,ਸੰਜੈ ਸਰਮਾ, ਕਪਿਲ ਮਹਾਜਨ, ਏ:ਡੀ:ਸੀ:ਪੀ ਸ੍ਰੀ ਸਰਤਾਜ ਚਾਹਲ, ਸ੍ਰੀ ਇੰਦਰ ਖੰਨਾ, ਸ੍ਰੀ ਰਾਜੀਵ ਸੋਨੀ ਅਤੇ ਸ੍ਰੀ ਰਾਜੇਸ਼ ਕੁਮਾਰ ਕਾਨੂੰਨਗੋ ਵੀ ਹਾਜਰ ਸਨ।