*ਸ਼ਹਿਰੀ ਅਤੇ ਦਿਹਾਤੀ ਸੇਵਾ ਕੇਂਦਰਾਂ ਦੇ ਬਾਹਰ ਲਗਾਏ ਪੌਦੇ
ਅੰਮ੍ਰਿਤਸਰ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਵਾਤਾਵਰਣ ਨੂੰ ਸਵੱਛ ਰੱਖਣਾ ਹਰੇਕ ਨਾਗਰਿਕ ਦੀ ਮੁੱਢਲੀ ਜਿੰਮੇਵਾਰੀ ਹੈ ਅਤੇ ਅਸੀਂ ਸਾਰੇ ਵਾਤਾਵਰਣ ਨੂੰ ਸਵੱਛ ਰੱਖਣ ਲਈ ਪੌਦੇ ਲਗਾ ਕੇ ਆਪਣੀ ਆਉਣ ਵਾਲੀ ਪੀੜੀ ਨੂੰ ਸਵੱਛ ਹਵਾ-ਪਾਣੀ ਦੇ ਸਕਦੇ ਹਾਂ। ਇਨਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰ ਗੁਰਿੰਦਰ ਸਿੰਘ ਧੰਜਲ ਨੇ ਦੱਸਿਆ ਕਿ ਲਗਾਤਾਰ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਇਸ ਨੂੰ ਬਚਾਉਣ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ। ਉਨਾਂ ਕਿਹਾ ਕਿ ਕੇਵਲ ਪੌਦੇ ਲਗਾਉਣਾ ਹੀ ਜਰੂਰੀ ਨਹੀਂ ਸਾਨੂੰ ਇਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ।
ਉਨਾਂ ਦੱਸਿਆ ਕਿ ਅੱਜ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਪੈਂਦੇ 41 ਸੇਵਾ ਕੇਂਦਰਾਂ ਦੇ ਬਾਹਰ ਪੌਦੇ ਲਗਾਏ ਗਏ ਹਨ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਸਵੱਛ ਵਾਤਾਵਰਣ ਅਤੇ ਛਾਂ ਪ੍ਰਦਾਨ ਕਰਨਾ ਹੈ। ਉਨਾਂ ਕਿਹਾ ਕਿ ਦਿਨੋਂ ਦਿਨ ਸਾਡੀ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਅਤੇ ਹਰੇਕ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਘੱਟੋ ਘੱਟ ਦੋ ਪੌਦੇ ਜਰੂਰ ਲਗਾਏ। ਸ੍ਰ ਧੰਜਲ ਨੇ ਕਿਹਾ ਕਿ ਇਹ ਪੌਦੇ ਸਾਨੂੰ ਮੁਫਤ ਵਿੱਚ ਆਕਸੀਜਨ ਪ੍ਰਦਾਨ ਕਰਦੇ ਹਨ ਅਤੇ ਵਿਅਕਤੀ ਨੂੰ ਵੀ ਸਵੱਸਥ ਰੱਖਦੇ ਹਨ।
ਇਸ ਮੌਕੇ ਸੇਵਾ ਕੇਂਦਰ ਦੇ ਜਿਲਾ ਟੈਕਨੀਕਲ ਕੁਆਰਡੀਨੇਟਰ ਪ੍ਰਿੰਸ ਸਿੰਘ ਨੇ ਦੱਸਿਆ ਕਿ ਸਾਰੇ ਸੇਵਾ ਕੇਂਦਰਾਂ ਦੇ ਬਾਹਰ ਇਹ ਪੌਦ ਲਗਾਏ ਗਏ ਹਨ ਤੇ ਇਨਾਂ ਪੌਦਿਆਂ ਦੀ ਦੇਖਭਾਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਲਗਾਏ ਗਏ ਪੌਦਿਆਂ ਦੇ ਆਲੇ ਦੁਆਲੇ ਜਾਲੀ ਵੀ ਲਗਾਈ ਜਾ ਰਹੀ ਹੈ ਤਾਂ ਕਿ ਅਵਾਰਾ ਪਸ਼ੂ ਇਨਾਂ ਪੌਦਿਆਂ ਨੂੰ ਖਰਾਬ ਨਾ ਕਰ ਸਕੇ। ਇਸ ਮੌਕੇ ਸਹਾਇਕ ਜਿਲਾ ਈ ਗਵਰਨੈਸ ਕੁਆਰਡੀਨੇਟਰ ਰਘੂ ਕਾਲੀਆ ਅਤੇ ਨਵਪ੍ਰੀਤ ਸਿੰਘ ਵੀ ਹਾਜਰ ਸਨ।