November 23, 2024

ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਵੇਖਦੇ ਸੋਨੀ ਵੱਲੋਂ ਹਸਪਤਾਲ ਵਿਚ ਬੈਡ ਵਧਾਉਣ ਦੀਆਂ ਹਦਾਇਤਾਂ ***ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਪੁਲਿਸ ਨੂੰ ਸਖਤੀ ਵਰਤਣ ਲਈ ਕਿਹਾ

0

ਸੋਨੀ ਵੱਲੋਂ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ ਜਿਲਾ ਅਧਿਕਾਰੀਆਂ ਨਾਲ ਮੀਟਿੰਗ

ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਵੀ ਕੀਤਾ ਦੌਰਾ

ਅੰਮ੍ਰਿਤਸਰ, 14 ਸਤੰਬਰ (ਨਿਊ ਸੁਪਰ ਭਾਰਤ ਨਿਊਜ਼ )-

ਕੋਰੋਨਾ ਦੀ ਮੌਜੂਦਾ ਸਥਿਤੀ ਤੇ ਸੰਭਾਵੀ ਖ਼ਤਰੇ ਨੂੰ ਵੇਖਦੇ ਹੋਏ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਰੋਨਾ ਵਾਰਡ ਲਈ ਮੌਜੂਦਾ ਬੈਡਾਂ ਦੀ ਗਿਣਤੀ 300 ਤੋਂ ਵਧਾ ਕੇ 500 ਕਰਨ ਦੀ ਹਦਾਇਤ ਕੀਤੀ ਹੈ।

ਅੱਜ ਕੋਵਿਡ-19 ਸਬੰਧੀ ਜਿਲਾ ਅਧਿਕਾਰੀਆਂ ਜਿਸ ਵਿਚ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਸ੍ਰੀਮਤੀ ਕੋਮਲ ਮਿਤੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਮੂਧਲ, ਪ੍ਰਿੰਸੀਪਲ ਮੈਡੀਕਲ ਕਾਲਜ ਸ੍ਰੀ ਰਾਜੀਵ ਦੇਵਗਨ,  ਏ ਡੀ ਸੀ ਪੀ ਸ੍ਰੀ ਸਰਤਾਜ ਚਾਹਲ ਤੇ ਸ੍ਰੀ ਸੰਦੀਪ ਮਲਿਕ, ਡਾ. ਮਦਨ ਮੋਹਨ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ, ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਕੋਰੋਨਾ ਆਪਣੇ ਸ਼ਿਖਰ ਵੱਲ ਵੱਧ ਰਿਹਾ ਹੈ ਅਤੇ ਇਸ ਸਥਿਤੀ ਵਿਚ ਸਾਨੂੰ ਹੋਰ ਤਿਆਰੀ ਕਰਨ ਦੀ ਲੋੜ ਹੈ।

ਉਨਾਂ ਗੁਰੂ ਨਾਨਕ ਹਸਪਤਾਲ ਵਿਚ ਅਗਲੇ 2 ਦਿਨਾਂ ਤੱਕ 200 ਬੈਡ ਹੋਰ ਲਗਾ ਕੇ ਕੋਰੋਨਾ ਵਾਰਡ ਦੀ ਸਮਰੱਥਾ 500 ਬੈਡ ਕਰਨ ਦੀ ਹਦਾਇਤਾ ਕੀਤੀ। ਉਨਾਂ ਕਿਹਾ ਕਿ ਨਿੱਜੀ ਹਸਪਤਾਲਾਂ ਨੂੰ ਵੀ ਆਪਣੀ ਸਮਰਥਾ ਵਧਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਤੋਂ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਰੈਫਰ ਕੀਤੇ ਜਾ ਰਹੇ ਮਰੀਜ਼ਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰਨ ਦੀ ਹਦਾਇਤ ਕੀਤੀ ਗਈ ਹੈ, ਕਿਉਂਕਿ ਉਥੇ ਬੈਡ ਖਾਲੀ ਹਨ ਅਤੇ ਦੋਵਾਂ ਜ਼ਿਲਿਆਂ ਨੂੰ ਪਟਿਆਲਾ ਤੇ ਅੰਮ੍ਰਿਤਸਰ ਦੀ ਦੂਰੀ ਵੀ ਲਗਭਗ ਬਰਾਬਰ ਹੈ।

              ਇਸੇ ਦੌਰਾਨ ਉਨਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਜਿਲਾ ਅਧਿਕਾਰੀਆਂ ਨਾਲ ਦੌਰਾ ਵੀ ਕੀਤਾ ਅਤੇ ਲੋਕਾਂ ਵੱਲੋਂ ਵਰਤੀ ਜਾ ਰਹੀ ਅਣਗਿਹਲੀ  ਦਾ ਗੰਭੀਰ ਨੋਟਿਸ ਲੈਂਦੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਨਾਂ ਮਾਸਕ ਦੇ ਘੁੰਮਦੇ ਲੋਕਾਂ, ਦੁਕਾਨਦਾਰਾਂ ਖਿਲਾਫ ਸਖਤੀ ਕੀਤੀ ਜਾਵੇ, ਤਾਂ ਜੋ ਕੋਰੋਨਾ ਦਾ ਫੈਲਾਅ ਰੋਕਿਆ ਜਾ ਸਕੇ।

              ਸ੍ਰੀ ਸੋਨੀ ਨੇ ਕਿਹਾ ਕਿ ਲਗਾਤਾਰ ਕੋਰੋਨਾ ਦੇ ਕੇਸ ਸ਼ਹਿਰ ਵਿਚ ਵੱਧ ਰਹੇ ਹਨ, ਪਰ ਜੇਕਰ ਲੋਕ ਅਜੇ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲੈਣ ਤਾਂ ਇਸ ਵਿਚ ਵੱਡੇ ਪੱਧਰ ਉਤੇ ਰੋਕ ਲਗਾਈ ਜਾ ਸਕਦੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਹਸਪਤਾਲਾਂ ਵਿਚ ਆਕਸੀਜਨ ਸਪਲਾਈ ਦੀ ਵੀ ਫਿਲਹਾਲ ਕੋਈ ਕਮੀ ਨਹੀਂ ਹੈ।

   ਇਸ ਮੌਕੇ ਡਿਪਟੀ ਕਮਿਸ਼ਨਰ ਸ. ਖਹਿਰਾ ਨੇ ਦੱਸਿਆ ਕਿ ਅੰਮ੍ਰਿਤਸਰ ਜਿਲੇ ਵਿਚ ਹੁਣ ਤੱਕ 1 ਲੱਖ 10 ਹਜ਼ਾਰ ਵਿਅਕਤੀਆਂ ਦੇ ਕੋਵਿਡ-19 ਟੈਸਟ ਹੋ ਚੁੱਕੇ ਹਨ ਅਤੇ ਹੁਣ ਰੋਜ਼ਾਨਾ 2500 ਦੇ ਕਰੀਬ ਟੈਸਟ ਹੋ ਰਹੇ ਹਨ। ਉਨਾਂ ਦੱਸਿਆ ਕਿ ਕੁੱਝ ਦਿਨ ਗਲਤ ਪ੍ਰਚਾਰ ਕਾਰਨ ਲੋਕ ਟੈਸਟ ਕਰਵਾਉਣ ਤੋਂ ਘਟੇ ਸਨ, ਪਰ ਹੁਣ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਲੋਕ ਟੈਸਟ ਕਰਵਾਉਣ ਲਈ ਆਪ ਆਉਣ ਲੱਗੇ ਹਨ। ਉਨਾਂ ਦੱਸਿਆ ਕਿ ਸਾਡੀਆਂ ਟੀਮਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਪਾਜ਼ਿਟਵ ਆਏ ਵਿਅਕਤੀਆਂ ਨੂੰ ਵੀ ਘਰ ਵਿਚ ਰਹਿਣ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਕੈਪਸ਼ਨ :  ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ  ਬਚਤ ਭਵਨ ਵਿਖੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਮੀਟਿੰਗ ਕਰਦੇ ਹੋਏ। ਨਾਲ ਹਨ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਕਮਿਸ਼ਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ

Leave a Reply

Your email address will not be published. Required fields are marked *