Site icon NewSuperBharat

ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਕਾਰਪੋਰੇਸ਼ਨ ਨੇ ਕਰਵਾਏ ਕੋਰੋਨਾ ਟੈਸਟ

*ਸਾਰੇ ਦਫਤਰ ਦੇ ਕਰਮਚਾਰੀਆਂ ਦੇ ਵੀ ਸਿਹਤ ਵਿਭਾਗ ਦੀ ਟੀਮ ਨੇ ਲਏ ਨਮੂਨੇ **ਲੋਕਾਂ ਨੂੰ ਵੀ ਕੀਤੀ ਟੈਸਟ ਕਰਵਾਉਣ ਦੀ ਅਪੀਲ

ਅੰਮ੍ਰਿਤਸਰ / 11 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਕੋਰੋਨਾ ਵਿਰੁੱਧ ਚੱਲ ਰਹੀ ਜੰਗ ਵਿਚ ਜਿੱਤ ਪਾਉਣ ਦੇ ਇਰਾਦੇ ਨਾਲ ਪੰਜਾਬ ਸਰਕਾਰ ਵੱਲੋਂ ਸਾਰੇ ਦਫਤਰਾਂ ਅਤੇ ਜਨਤਕ ਸਥਾਨਾਂ ਉਤੇ ਕੰਮ ਕਰਦੇ ਕਰਮਚਾਰੀਆਂ ਦਾ ਕੋਵਿਡ-19 ਟੈਸਟ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਅਤੇ ਉਨਾਂ ਦੇ ਸਾਰੇ ਸਟਾਫ ਦੇ ਕੋਰੋਨਾ ਟੈਸਟ ਕੀਤੇ, ਜੋ ਕਿ ਸਾਰੇ ਨੈਗਟਿਵ ਆਏ। ਇਸ ਮੌਕੇ ਸਿਹਤ ਵਿਭਾਗ ਦੀ ਮੋਬਾਈਲ  ਵੈਨ ਵਿਚ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਸਮੇਤ ਦਫਤਰ ਵਿਚ ਹਾਜ਼ਰ ਸਾਰੇ ਕਰਮਚਾਰੀਆਂ ਦੇ ਨਮੂਨੇ ਲਏ ਗਏ, ਜਿੰਨਾ ਦੀ ਰਿਪੋਰਟ ਨੈਗੇਟਿਵ ਆਈ।

ਡਿਪਟੀ ਕਮਿਸ਼ਨਰ ਸ. ਖਹਿਰਾ ਨੇ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਸੰਕਟ ਦੇ ਦਿਨਾਂ ਵਿਚ ਕੀਤੀ ਜਾ ਰਹੀ ਸੇਵਾ ਉਤੇ ਸਾਨੂੰ ਮਾਣ ਹੈ। ਉਨਾਂ ਜਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਤੇ ਆਪਣੇ ਚਹੇਤਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੇ ਕੋਰੋਨਾ ਟੈਸਟ ਜ਼ਰੂਰ ਕਰਵਾਉਣ, ਤਾਂ ਕਿ ਕੋਰੋਨਾ ਦਾ ਹੋ ਰਿਹਾ ਵਾਧਾ ਰੋਕਿਆ ਜਾ ਸਕੇ। ਸ. ਖਹਿਰਾ ਨੇ ਕਿਹਾ ਕਿ ਜੇਕਰ ਟੈਸਟ ਦੌਰਾਨ ਕਿਧਰੇ ਰਿਪੋਰਟ ਪਾਜ਼ੀਟਵ ਵੀ ਆ ਜਾਵੇ ਤਾਂ ਤੁਸੀਂ ਆਪਣੇ ਘਰ ਵਿਚ ਵੱਖਰੇ ਕਮਰੇ ਵਿਚ ਰਹਿ ਕੇ ਆਪਣਾ ਇਲਾਜ ਕਰ ਸਕਦੇ ਹੋ ਅਤੇ ਡਾਕਟਰ ਤਹਾਨੂੰ ਦਵਾਈ ਦੇ ਨਾਲ-ਨਾਲ ਮਸ਼ਵਰਾ ਦਿੰਦੇ ਰਹਿਣਗੇ। ਇਸ ਤਰਾਂ ਇਕ ਤਾਂ ਤੁਸੀਂ ਛੇਤੀ ਸਿਹਤਯਾਬ ਹੋਵੋਗੇ, ਦੂਸਰਾ ਤੁਹਾਡਾ ਪਰਿਵਾਰ ਇਸ ਦੀ ਲਾਗ ਤੋਂ ਬਚ ਜਾਵੇਗਾ। ਇਸ ਤਰਾਂ ਕੋਰੋਨਾ ਨੂੰ ਅੱਗੇ ਫੈਲਣ ਦਾ ਮੌਕਾ ਨਹੀਂ ਮਿਲੇਗਾ ਅਤੇ ਥੋੜੇ ਦਿਨਾਂ ਵਿਚ ਸਾਡਾ ਜਿਲਾ ਕੋਰੋਨਾ ਤੋਂ ਮੁਕਤ ਹੋ ਸਕੇਗਾ।

Exit mobile version