*ਨਿੱਜੀ ਲੈਬਾਂ ਮਰੀਜਾਂ ਦੇ ਵੇਰਵਿਆਂ ਨੂੰ ਗੁਪਤ ਰੱਖਣਗੀਆਂ
ਅੰਮ੍ਰਿਤਸਰ / 10 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਠੱਲ ਪਾਉਣ ਲਈ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਸਮੇਂ ਸਿਰ ਪਛਾਣ ਲਈ ਲੋਕਾਂ ਦੀ ਵੱਧ ਤੋਂ ਵੱਧ ਜਾਂਚ ਕਰਨ ਦੇ ਮੱਦੇਨਜਰ, ਪੰਜਾਬ ਸਰਕਾਰ ਵੱਲੋਂ ਜਿਲਾ ਸਿਹਤ ਅਥਾਰਟੀਆਂ ਦੁਆਰਾ ਸੂਚੀਬੱਧ ਹੋਣ ਉਪਰੰਤ ਨਿੱਜੀ ਹਸਪਤਾਲਾਂ/ਕਲੀਨਿਕਾਂ/ਲੈਬਾਂ ਨੂੰ ਕੋਵਿਡ-19 ਲਈ ਰੈਪਿਡ ਐਂਟੀਜੇਨ ਟੈਸਟ (ਆਰ.ਏ.ਟੀ.) ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਨਿੱਜੀ ਸਿਹਤ ਅਦਾਰਿਆਂ ਵੱਲੋਂ ਕੋਵਿਡ-19 ਲਈ ਰੈਪਿਡ ਐਂਟੀਜੇਨ ਟੈਸਟ ਦੀ ਆਗਿਆ ਦੇਣ ਸਬੰਧੀ ਨਿਰਦੇਸ ਜਾਰੀ ਕੀਤੇ ਗਏ ਹਨ। ਉਨਾਂ ਕਿਹਾ ਕਿ ਵਿਭਾਗ ਵੱਲੋਂ ਆਰ.ਏ.ਟੀ. ਕਿੱਟਾਂ ਮੁਫ਼ਤ ਦਿੱਤੀਆਂ ਜਾਣਗੀਆਂ। ਸਿਵਲ ਸਰਜਨ ਉਨਾਂ ਪ੍ਰਾਈਵੇਟ ਹਸਪਤਾਲਾਂ/ਕਲੀਨਿਕਾਂ/ਲੈਬਾਂ ਨੂੰ ਸੂਚੀਬੱਧ ਕਰਨਗੇ ਜੋ ਵਿਭਾਗ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਆਰ.ਏ.ਟੀ. ਕਿੱਟਾਂ ਨਾਲ ਟੈਸਟ ਕਰਨ ਲਈ ਸਵੈ-ਇੱਛਤ ਤੌਰ ‘ਤੇ ਸੂਚੀਬੱਧ ਹੋਣ ਲਈ ਤਿਆਰ ਹਨ।
ਉਨਾਂ ਕਿਹਾ ਕਿ ਜੇਕਰ ਕਿੱਟਾਂ ਸਿਹਤ ਵਿਭਾਗ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਹੋਣ ਤਾਂ ਨਿੱਜੀ ਹਸਪਤਾਲ/ਲੈਬ ਮਰੀਜਾਂ ਤੋਂ ਟੈਸਟ ਲਈ ਵੱਧ ਤੋਂ ਵੱਧ 250 ਰੁਪਏ ਲੈ ਸਕਦੇ ਹਨ। ਇਸ ਤੋਂ ਪਹਿਲਾਂ, ਪ੍ਰਾਈਵੇਟ ਲੈਬਾਂ, ਜੋ ਆਪਣੀ ਖੁਦ ਦੀਆਂ ਕਿੱਟਾਂ ਦੀ ਵਰਤੋਂ ਕਰ ਰਹੇ ਹਨ, ਲਈ ਰੈਪਿਡ ਐਂਟੀਜੇਨ ਟੈਸਟਿੰਗ ਦੀ ਕੀਮਤ 700 ਰੁਪਏ ਵਸੂਲ ਰਹੇ ਹਨ, ਜਿਸ ਵਿੱਚ ਜੀਐਸਟੀ ਅਤੇ ਹੋਰ ਟੈਕਸ ਸਾਮਲ ਹਨ। ਨਿੱਜੀ ਹਸਪਤਾਲ/ਲੈਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਮੁਫਤ ਮੁਹੱਈਆ ਕਰਵਾਈਆਂ ਗਈਆਂ ਆਰ.ਏ.ਟੀ. ਕਿੱਟਾਂ ਦੀ ਵਰਤੋਂ ਲਈ ਐਸਓਪੀਜ ਦੀ ਪਾਲਣਾ ਕਰਨਗੇ।
ਉਨਾਂ ਦੱਸਿਆ ਕਿ ਇਸ ਲਈ ਨਿੱਜੀ ਹਸਪਤਾਲਾਂ/ਕਲੀਨਿਕਾਂ ਅਤੇ ਲੈਬਾਂ ਵਿੱਚ ਕੋਵਿਡ-19 ਦੇ ਸੱਕੀ ਮਰੀਜਾਂ ਦੇ ਨਮੂਨੇ ਲੈਣ ਲਈ ਵੱਖਰਾ ਆਈਸੋਲੇਟਡ ਖੇਤਰ ਹੋਣਾ ਚਾਹੀਦਾ ਹੈ। ਨਮੂਨਾ ਲੈਣ ਵਾਲਾ ਵਿਅਕਤੀ ਪੂਰੀ ਤਰਾਂ ਪੀ.ਪੀ.ਈ ਕਿੱਟ ਨੂੰ ਪਹਿਨਣਾ ਯਕੀਨੀ ਬਣਾਏਗਾ। ਦਿਸਾ ਨਿਰਦੇਸਾਂ ਅਨੁਸਾਰ ਸਿਹਤ ਸੰਸਥਾ ਕੋਲ ਟੈਸਟ ਤੋਂ ਬਾਅਦ ਬਾਇਓਮੈਡੀਕਲ ਰਹਿੰਦ-ਖੂਹੰਦ ਦੇ ਪ੍ਰਬੰਧਨ ਦਾ ਸੁਚੱਜਾ ਬੰਦੋਬਸਤ ਹੋਣਾ ਚਾਹੀਦਾ ਹੈ।
ਉਨਾਂ ਸਪੱਸਟ ਕੀਤਾ ਕਿ ਸਿਹਤ ਵਿਭਾਗ ਦੁਆਰਾ ਦਿੱਤੇ ਗਏ ਲੌਗਇਨ ਆਈ ਡੀ ਦੀ ਵਰਤੋਂ ਕਰਕੇ ਸਾਰੇ ਰੈਪਿਡ ਐਂਟੀਜੇਨ ਟੈਸਟ ਨਤੀਜੇ ਆਈਸੀਐਮਆਰ ਪੋਰਟਲ ਵਿੱਚ ਐਂਟਰ ਕੀਤੇ ਜਾਂਦੇ ਹਨ। ਪਾਜ਼ੇਟਿਵ ਕੇਸਾਂ ਦੇ ਉੱਚ ਜੋਖਮ ਦੇ ਸੰਪਰਕ ਵਾਲੇ ਬਿਨਾਂ ਲੱਛਣ ਵਾਲੇ ਵਿਅਕਤੀਆਂ ਅਤੇ ਲੱਛਣ ਵਾਲੇ ਦੇ ਵਿਅਕਤੀਆਂ ਲਈ, ਜੋ ਰੈਪਿਡ ਐਂਟੀਜੇਨ ਟੈਸਟ ਵਿੱਚ ਨੈਗੇਟਿਵ ਪਾਏ ਗਏ ਹਨ, ਉਹਨਾਂ ਵਿਅਕਤੀਆਂ ਦੇ ਐਨਪੀ/ਓਪੀ ਸਵੈਬ ਨੂੰ ਵੀਟੀਐਮ ਵਿੱਚ ਇਕੱਠਾ ਕਰਕੇ ਕੋਵਿਡ -19 ਟੈਸਟ ਦੀ ਜਾਂਚ ਲਈ ਜਿੰਨੀ ਜਲਦੀ ਸੰਭਵ ਹੋ ਸਕੇ, ਰੀਅਲ ਟਾਈਮ ਆਰਟੀ-ਪੀਸੀਆਰ ਪ੍ਰਯੋਗਸਾਲਾ ਨੂੰ ਭੇਜਿਆ ਜਾਣਾ ਚਾਹੀਦਾ ਹੈ। ਪ੍ਰਾਈਵੇਟ ਹਸਪਤਾਲ ਅਜਿਹੇ ਨਮੂਨੇ ਪੈਕ ਕਰਨ ਲਈ ਲੋੜੀਂਦੇ ਲੋਜਿਸਟਿਕਸ ਦਾ ਪ੍ਰਬੰਧ ਕਰਨਗੇ ਅਤੇ ਆਰਟੀ-ਪੀਸੀਆਰ ਟੈਸਟਿੰਗ ਲੈਬ ਨੂੰ ਭੇਜਣਗੇ।