ਅੰਮ੍ਰਿਤਸਰ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵੱਲੋਂ ਚੋਣ ਪ੍ਰਕਿਰਿਆ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਚੋਣ ਡਿਊਟੀ ਦੇ ਤਜ਼ਰਬੇ ਬਾਰੇ ਲੇਖ ਮੁਕਾਬਲੇ ਵਿਚ ਹਿੱਸਾ ਲੈਣ ਦੇ ਦਿੱਤੇ ਸੱਦੇ ਉਤੇ ਕਰਵਾਏ ਗਏ ਰਾਜ ਪੱਧਰੀ ਲੇਖ ਮੁਕਾਬਲੇ ਵਿਚ ਅੰਮ੍ਰਿਤਸਰ ਦੇ ਪਿੰਡ ਬੱਲ ਸਰਾਏ ਦੇ ਸਮਾਜ ਸਿੱਖਿਆ ਮਾਸਟਰ ਸ. ਲਖਵਿੰਦਰ ਸਿੰਘ ਰਈਆ ਹਵੇਲੀਆਣਾ ਨੂੰ ਪਹਿਲਾ ਸਥਾਨ ਮਿਲਿਆ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਧਿਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ 626 ਅਧਿਆਪਕਾਂ ਨੇ ਲੇਖ ਮੁਕਾਬਲੇ ਲਈ ਆਪਣੀਆਂ ਐਂਟਰੀਆਂ ਭੇਜੀਆਂ ਸਨ, ਜਿਸ ਵਿਚੋਂ ਪਹਿਲਾ ਇਨਾਮ ਸਾਡੇ ਜਿਲੇ ਨੂੰ ਮਿਲਿਆ ਹੈ।
ਉਨਾਂ ਕਿਹਾ ਕਿ ਅਧਿਆਪਕ ਭਾਈਚਾਰੇ ਵਲੋਂ ਚੋਣ ਪ੍ਰਕਿਰਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਜਾਂਦੀ ਹੈ ਅਤੇ ਉਹ ਸਾਰੀ ਪ੍ਰਕਿਰਿਆ ਦਾ ਅਟੁੱਟ ਅੰਗ ਹਨ। ਇਸ ਲਈ ਪੰਜਾਬ ਦੇ ਸਾਰੇ 22 ਜ਼ਿਲਿਆਂ ਦੇ ਅਧਿਆਪਕਾਂ ਲਈ ਤਿੰਨ ਵਿਸ਼ਿਆਂ ਚੋਣ ਤਜ਼ਰਬੇ ਸਾਂਝੇ ਕਰਨ, ਕੋਵਿਡ -19 ਦੌਰਾਨ ਚੁਣੌਤੀਆਂ ਅਤੇ ਚੋਣ ਡਿਊਟੀ ਨੂੰ ਦਿਲਚਸਪ ਬਣਾਉਣ ਸਬੰਧੀ ਸੁਝਾਅ ਨਾਲ ਸਬੰਧਤ ਲੇਖ ਮੁਕਾਬਲਾ ਕਰਵਾਇਆ ਗਿਆ ਸੀ। ਉਨਾਂ ਕਿਹਾ ਕਿ ਸਾਰੇ 22 ਜ਼ਿਲਿਆਂ ਵਿੱਚ ਸਰਬੋਤਮ ਐਂਟਰੀਜ਼ ਵਿੱਚੋਂ ਤਿੰਨ ਐਂਟਰੀਜ਼ ਦੀ ਰਾਜ ਪੱਧਰ ‘ਤੇ ਨਕਦ ਇਨਾਮ ਲਈ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਮੁਕਾਬਲੇ ਵਿਚ ਸ. ਲਖਵਿੰਦਰ ਸਿੰਘ ਜਿਲੇ ਵਿਚੋਂ ਪਹਿਲੇ, ਮੁੱਛਲ ਸਕੂਲ ਦੇ ਸ੍ਰੀਮਤੀ ਹਰਮੇਸ਼ ਕੌਰ ਯੋਧੇ ਦੂਸਰੇ ਅਤੇ ਘਰਿੰਡਾ ਸਕੂਲ ਦੇ ਮੈਡਮ ਮੋਨਿਕਾ ਤੀਸਰੇ ਸਥਾਨ ਉਤੇ ਆਏ ਸਨ। ਉਨਾਂ ਜੇਤੂ ਰਹੇ ਅਧਿਆਪਕਾਂ ਨੂੰ ਵਧਾਈ ਦਿੰਦੇ ਇਸੇ ਤਰਾਂ ਵਿਭਾਗੀ ਗਤੀਵਿਧੀਆਂ ਵਿਚ ਵੱਧ-ਚੜ ਕੇ ਭਾਗ ਲੈਣ ਲਈ ਪ੍ਰੇਰਿਆ।