*ਗੁਜਰਾਤੀ ਬਸਤੀ ਨੂੰ ਦਿੱਤਾ ਢਾਈ ਲੱਖ ਰੁਪਏ ਦਾ ਚੈਕ
ਅੰਮ੍ਰਿਤਸਰ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ 8.63 ਕਰੋੜ ਰੁਪਏ ਦੀ ਲਾਗਤ ਵਾਲੀ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦੇਸ਼ ਗਰੀਬੀ ਰੇਖਾ ਤੋਂ ਹੇਠਾਂ (ਬੀ.ਪੀ.ਐਲ.), ਐਸ.ਸੀ. ਅਤੇ ਬੀ.ਸੀ. ਵਰਗਾਂ ਨਾਲ ਸਬੰਧਤ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣਾ ਹੈ। ਇਹ ਪ੍ਰਗਟਾਵਾ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਇਸ ਲਈ ‘ਕਿਫਾਇਤੀ ਐਲ.ਈ.ਡੀ. ਬਲਬ ਯੋਜਨਾ’ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਕ ਕਿਲੋਵਾਟ ਤੱਕ ਦੇ ਮਨਜ਼ੂਰਸੁਦਾ ਬਿਜਲੀ ਸਬਸਿਡੀ ਦਾ ਲਾਭ ਲੈਣ ਵਾਲੇ ਬੀ.ਪੀ.ਐਲ., ਐਸ.ਸੀ. ਅਤੇ ਬੀ.ਸੀ. ਵਰਗਾਂ ਦੇ ਯੋਗ ਖਪਤਕਾਰਾਂ ਨੂੰ ਸਿਰਫ 30 ਰੁਪਏ ਵਿੱਚ 2 ਐਲ.ਈ.ਡੀ. ਬਲਬ ਮੁਹੱਈਆ ਕਰਵਾਏ ਜਾਣਗੇ।
ਉਨਾਂ ਕਿਹਾ ਕਿ ਇਹ ਐਲ.ਈ.ਡੀ. ਬਲਬ 80-90 ਫੀਸਦੀ ਤੱਕ ਬਿਜਲੀ ਦੀ ਬਚਤ ਕਰਨਗੇ ਅਤੇ ਲੰਬੇ ਸਮੇਂ (20,000 ਘੰਟੇ) ਤੱਕ ਚੱਲਣਗੇ। ਸ੍ਰੀ ਸੋਨੀ ਅੱਜ ਗੁਜਰਾਤੀ ਬਸਤੀ ਵਿਚ ਦੇਵੀ ਪੂਜਕ ਸਮਾਜ ਧਰਮਸ਼ਾਲਾ ਨੂੰ ਢਾਈ ਲੱਖ ਰੁਪਏ ਦਾ ਚੈਕ ਦੇ ਰਹੇ ਸਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇ ਰਹੀ। ਦੱਸਣਯੋਗ ਹੈ ਕਿ ਸ੍ਰੀ ਸੋਨੀ ਇਸ ਤੋਂ ਪਹਿਲਾਂ ਵੀ ਇਸ ਧਰਮਸ਼ਾਲਾ ਨੂੰ 2 ਲੱਖ ਰੁਪਏ ਦੇ ਚੁੱਕਾ ਹਨ। ਇਸ ਮੌਕੇ ਸ੍ਰੀ ਸੋਨੀ ਨੇ ਵਾਰਡ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਇਲਾਕਾ ਨਿਵਾਸੀਆਂ ਤੇ ਸ੍ਰੀ ਰਾਜੂ ਪ੍ਰਧਾਨ ਨੇ ਸ੍ਰੀ ਸੋਨੀ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਵਿਕਾਸ ਸੋਨੀ, ਸ੍ਰੀਮਤੀ ਰਾਜਬੀਰ ਕੌਰ, ਸ੍ਰੀ ਬੌਬੀ ਪ੍ਰਧਾਨ, ਸ੍ਰੀ ਸੁਰੇਸ਼ ਕੁਮਾਰ, ਸ੍ਰੀ ਸ਼ਾਮ ਲਾਲ, ਸ੍ਰੀ ਗਿਰਧਾਰੀ ਲਾਲ, ਸ੍ਰੀ ਕਮਲ ਕੁਮਾਰ, ਸ੍ਰੀ ਰਾਜੂ ਕੁਮਾਰ ਅਤੇ ਹੋਰ ਮੋਹਤਬਰ ਹਾਜ਼ਰ ਸਨ।