December 27, 2024

ਕੋਰੋਨਾ ਵਿਰੁੱਧ ਚੱਲ ਰਹੀ ਜੰਗ ਵਿਚ ਡਿਪਟੀ ਕਮਿਸ਼ਨਰ ਨੇ ਉਚ ਅਧਿਕਾਰੀਆਂ ਨੂੰ ਦਿੱਤੀਆਂ ਵੱਡੀਆਂ ਜ਼ਿੰਮੇਵਾਰੀਆਂ

0

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ

ਅੰਮ੍ਰਿਤਸਰ / 4 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕੋਰੋਨਾ ਵਿਰੁੱਧ ਚੱਲ ਰਹੀ ਜੰਗ ਵਿਚ ਜਿੱਤ ਪ੍ਰਾਪਤ ਕਰਨ ਦੇ ਆਸ਼ੇ ਨਾਲ ਜਿਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ, ਜਿਸ ਵਿਚ ਸ਼ੱਕੀਆਂ ਦੇ ਨਮੂਨੇ ਲੈਣੇ, ਮਰੀਜਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦਾ ਪਤਾ ਲਗਾਉਣਾ ਅਤੇ ਮਰੀਜਾਂ ਨੂੰ ਘਰਾਂ ਵਿਚ ਇਕਾਂਤਵਾਸ ਕਰਨਾ ਆਦਿ ਮੁੱਖ ਜ਼ਿੰਮੇਵਾਰੀਆਂ ਹਨ। ਜਾਰੀ ਕੀਤੇ ਹੁਕਮਾਂ ਵਿਚ ਸ. ਖਹਿਰਾ ਨੇ ਕਿਹਾ ਕਿ ਕੋਰੋਨਾ ਦੇ ਦਿਨੋ-ਦਿਨ ਵੱਧ ਰਹੇ ਕੇਸਾਂ ਨੂੰ ਠੱਲ ਪਾਉਣ ਲਈ ਜਰੂਰੀ ਹੈ ਕਿ ਇਸ ਦੀ ਵੱਧ ਰਹੀ ਚੇਨ ਨੂੰ ਤੋੜਿਆ ਜਾਵੇ। ਜਾਰੀ ਕੀਤੇ ਹੁਕਮਾਂ ਵਿਚ ਉਨਾਂ ਆਈ. ਏ. ਐਸ ਅਧਿਕਾਰੀ ਸ੍ਰੀਮਤੀ ਪਲਵੀ ਚੌਧਰੀ ਨੂੰ ਕੋਰੋਨਾ ਮਰੀਜਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦਾ ਪਤਾ ਲਗਾਉਣ, ਉਨਾਂ ਦੇ ਨਮੂਨੇ ਲੈਣ ਤੇ ਇਕਾਂਤਵਾਸ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਪੀ ਪੀ ਐਸ ਅਧਿਕਾਰੀ ਸ੍ਰੀ ਸੰਦੀਪ ਰਿਸ਼ੀ ਨੂੰ ਆਰ. ਆਰ. ਟੀ ਅਤੇ ਲੋੜਵੰਦ ਨੂੰ ਘਰਾਂ ਵਿਚ ਇਕਾਂਤਵਾਸ ਕਰਨ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ ਨੂੰ ਸ਼ੱਕੀ ਲੋਕਾਂ ਦੇ ਨਮੂਨੇ ਲੈਣ ਵਾਲੀ ਟੀਮ ਦਾ ਨੋਡਲ ਅਧਿਕਾਰੀ ਬਣਾਇਆ ਗਿਆ ਹੈ।

ਉਕਤ ਅਧਿਕਾਰੀਆਂ ਨਾਲ ਕੰਮ ਕਰਨ ਲਈ ਜਿਲੇ ਭਰ ਵਿਚ ਵੱਖ-ਵੱਖ ਅਧਿਕਾਰੀਆਂ ਨੂੰ ਲਗਾਇਆ ਗਿਆ ਹੈ, ਜੋ ਕਿ ਆਪਣੇ-ਆਪਣੇ ਸੈਕਟਰ ਵਿਚ ਕੋਵਿਡ-19 ਨਾਲ ਸਬੰਧਤ ਹਰੇਕ ਤਰਾਂ ਦੀ ਗਤੀਵਿਧੀ ਲਈ ਜ਼ਿੰਮੇਵਾਰ ਹੋਣਗੇ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਰੇਕ ਸ਼ੱਕੀ ਮਰੀਜ਼ ਦਾ ਟੈਸਟ ਕਰਵਾ ਕੇ ਉਸਨੂੰ ਇਕਾਂਤਵਾਸ ਕੀਤਾ ਜਾਵੇ, ਤਾਂ ਜੋ ਕੋਰੋਨਾ ਅੱਗੇ ਤੋਂ ਅੱਗੇ ਨਾ ਫੈਲੇ। ਸ. ਖਹਿਰਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਦੇ ਲੱਛਣ ਮਿਲਣ ਉਤੇ ਆਪਣਾ ਟੈਸਟ ਕਰਵਾਉਣ ਨੂੰ ਤਰਜੀਹ ਦੇਣ ਅਤੇ ਜੇਕਰ ਕੋਰੋਨਾ ਹੋ ਵੀ ਜਾਂਦਾ ਹੈ ਤਾਂ ਆਪਣੇ ਘਰ ਇਕਾਂਤ ਵਿਚ ਰਹਿਣ ਨਾ ਕਿ ਪਰਿਵਾਰ ਨਾਲ।

Leave a Reply

Your email address will not be published. Required fields are marked *