*ਗਲਤ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ
ਅੰਮ੍ਰਿਤਸਰ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਬੀਤੇ ਦਿਨਾਂ ਤੋਂ ਕੋਰੋਨਾ ਮਰੀਜਾਂ ਦੇ ਡਾਕਟਰਾਂ ਵੱਲੋਂ ਅੰਗ ਕੱਢ ਲਏ ਜਾਣ ਦੀਆਂ ਪੋਸਟਾਂ ਸੋਸ਼ਲ ਮੀਡੀਆ ਉਤੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਅਜਿਹਾ ਕੂੜ ਪ੍ਰਚਾਰ ਬਰਦਾਸ਼ਤਯੋਗ ਨਹੀਂ ਹੈ। ਉਨਾਂ ਕਿਹਾ ਕਿ ਜਿਸ ਵੀ ਵਿਅਕਤੀਆਂ ਨੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੋਰੋਨਾ ਸਬੰਧੀ ਕਿਸੇ ਵੀ ਤਰਾਂ ਦੀ ਅਫਵਾਹ ਫੈਲਾਈ, ਜੋ ਕਿ ਆਮ ਲੋਕਾਂ ਨੂੰ ਗੁੰਮਰਾਹ ਕਰਦੀ ਹੋਵੇਗੀ, ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਕਿਸੇ ਕੋਲ ਮਨੁੱਖੀ ਅੰਗ ਕੱਢਣ ਸਬੰਧੀ ਕੋਈ ਅਧਾਰ ਹੈ ਤਾਂ ਉਹ ਆਪਣੀ ਸ਼ਿਕਾਇਤ ਕਰੇ, ਪਰ ਅਜਿਹਾ ਇਕ ਵੀ ਕੇਸ ਨਹੀਂ ਹੈ ਅਤੇ ਅਫਵਾਹਾਂ ਲਗਤਾਰ ਫੈਲ ਰਹੀਆਂ ਹਨ।
ਉਨਾਂ ਕਿਹਾ ਕਿ ਕੁੱਝ ਲੋਕ ਲੋਕਾਂ ਨੂੰ ਟੈਸਟ ਨਾ ਕਰਵਾਉਣ ਲਈ ਵੀ ਉਕਸਾ ਰਹੇ ਹਨ ਅਤੇ ਇਸ ਬਾਬਤ ਤਰਾਂ-ਤਰਾਂ ਦੀਆਂ ਦਲੀਲਾਂ ਦੇ ਰਹੇ ਹਨ, ਜਦਕਿ ਅਸੀਲਅਤ ਇਹ ਹੈ ਕਿ ਸਮੇਂ ਸਿਰ ਕਰਵਾਇਆ ਟੈਸਟ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜਾਨ ਬਚਾ ਸਕਦਾ ਹੈ। ਉਨਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ ਦੀ ਅਗਵਾਈ ਹੇਠ ਸਾਡੀ ਟੀਮ ਹਰੇਕ ਕੇਸ ਉਤੇ ਨਿਗਾ ਰੱਖ ਰਹੀ ਹੈ। ਮਰੀਜ਼ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਤੋਂ ਇਲਾਵਾ ਕਈ ਨਿੱਜੀ ਹਸਪਤਾਲਾਂ ਵਿਚ ਵੀ ਹੋ ਰਿਹਾ ਹੈ ਅਤੇ ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਜਾ ਰਹੇ ਹਨ। ਜਿਹੜੇ ਲੋਕ ਪਹਿਲੀ ਸਟੇਜ ਉਤੇ ਕੋਰੋਨਾ ਦਾ ਟੈਸਟ ਕਰਵਾ ਰਹੇ ਹਨ ਉਹ ਠੀਕ ਵੀ ਜਲਦੀ ਹੋ ਰਹੇ ਹਨ, ਜਦਕਿ ਕੇਸ ਵਿਗੜਨ ਉਤੇ ਸਮਾਂ ਵੀ ਵੱਧ ਲੱਗ ਰਿਹਾ ਹੈ ਅਤੇ ਖ਼ਤਰਾ ਵੀ ਵੱਧ ਰਿਹਾ ਹੈ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੇ ਮੁੱਖ ਲੱਛਣ ਜਿਸ ਵਿਚ ਬੁਖਾਰ, ਖਾਂਸੀ, ਗਲਾ ਖਰਾਬ ਆਦਿ ਮੁੱਖ ਹਨ, ਸਾਹਮਣੇ ਆਉਣ ਉਤੇ ਤਰੁੰਤ ਕੋਰੋਨਾ ਟੈਸਟ ਕਰਵਾਉਣ। ਜੇਕਰ ਕੋਰੋਨਾ ਟੈਸਟ ਪਾਜ਼ੀਟਵ ਆ ਜਾਂਦਾ ਹੈ ਤਾਂ ਜੇਕਰ ਤੁਹਾਡੇ ਘਰ ਵੱਖਰੇ ਰਹਿਣ ਲਈ ਸਥਾਨ ਹੈ ਅਤੇ ਤੁਹਾਡੀ ਸਿਹਤ ਆਗਿਆ ਦਿੰਦੀ ਹੈ ਤਾਂ ਟੈਸਟ ਦਾ ਨਮੂਨਾ ਦੇਣ ਮੌਕੇ ਹੀ ਡਾਕਟਰ ਨੂੰ ਸਵੈ ਘੋਸ਼ਣਾ ਪੱਤਰ ਦੇ ਕੇ ਆਪਣੇ ਘਰ ਵਿਚ ਵੀ ਇਕਾਂਤਵਾਸ ਰਹਿ ਸਕਦੇ ਹੋ ਅਤੇ ਸਾਡੀ ਟੀਮ ਤਹਾਨੂੰ ਘਰ ਵਿਚ ਹੀ ਇਲਾਜ ਅਧੀਨ ਰੱਖੇਗੀ। ਇਸ ਨਾਲ ਤੁਸੀਂ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਕੋਰੋਨਾ ਦੇ ਖਤਰੇ ਤੋਂ ਬਚਾਅ ਸਕਦੇ ਹੋ।