ਹੁਣ ਸ਼ਹਿਰੀ ਕੇਂਦਰ ਸ਼ਾਮ 6 ਵਜੇ ਤੱਕ ਖੁੱਲਣਗੇ, ਹੋਵੇਗਾ ਦੋ ਸਿਫਟਾਂ ਵਿਚ ਕੰਮ- ਡਿਪਟੀ ਕਮਿਸ਼ਨਰ
*ਅੰਮ੍ਰਿਤਸਰ ਜਿਲੇ ਵਿਚ 41 ਸੇਵਾ ਕੇਂਦਰ ਦੇ ਰਹੇ ਹਨ 276 ਸੇਵਾਵਾਂ- ਡਿਪਟੀ ਕਮਿਸ਼ਨਰ ***ਕੋਵਿਡ-19 ਸੰਕਟ ਦੇ ਬਾਵਜੂਦ ਸੇਵਾ ਕੇਂਦਰ ਦੇ ਮੁਲਾਜ਼ਮ ਕਰ ਰਹੇ ਹਨ ਕੰਮ
ਅੰਮ੍ਰਿਤਸਰ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਇਕ ਛੱਤ ਹੇਠ ਹਰ ਤਰਾਂ ਦੀਆਂ ਨਾਗਰਿਕ ਸੇਵਾਵਾਂ ਦੇਣ ਦੀ ਕੀਤੀ ਗਈ ਪਹਿਲ ਤਹਿਤ ਪੰਜਾਬ ਭਰ ਵਿਚ ਚੱਲਦੇ 516 ਸੇਵਾ ਕੇਂਦਰਾਂ ਵਿਚੋਂ ਸ਼ਹਿਰੀ ਕੇਂਦਰ ਹੁਣ ਸੇਵਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰਨਗੇ, ਜਦਕਿ ਦਿਹਾਤੀ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰਹਿਣਗੇ।
ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿਚ ਅਜਿਹੇ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ 276 ਤਰਾਂ ਦੀਆਂ ਸੇਵਾਵਾਂ ਦੇ ਰਹੇ ਹਨ। ਸ. ਖਹਿਰਾ ਨੇ ਦੱਸਿਆ ਕਿ ਸਾਡੇ ਜਿਲੇ ਵਿਚ ਟਾਇਪ ਵੰਨ ਦਾ ਇਕ ਸੇਵਾ ਕੇਂਦਰ ਹੈ, ਜੋ ਕਿ ਜਿਲਾ ਹੈਡਕੁਆਰਟਰ ਉਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਟਾਈਪ 2 ਦੇ 16 ਅਤੇ ਟਾਈਪ 3 ਦੇ 24 ਕੇਂਦਰ ਜਿਲੇ ਵਿਚ ਚੱਲ ਰਹੇ ਹਨ। ਉਨਾਂ ਕੋਵਿਡ-19 ਸੰਕਟ ਦੇ ਬਾਵਜੂਦ ਲੋਕ ਸੇਵਾ ਵਿਚ ਡਟੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਦੇ ਕਿਹਾ ਕਿ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਆਪਣੀ ਸੇਵਾ ਦਿਉ ਤਾਂ ਜੋ ਤੁਸੀਂ ਅਤੇ ਤੁਹਾਡੇ ਕੋਲ ਕੰਮ ਕਰਵਾਉਣ ਆਏ ਸਾਡੇ ਨਾਗਰਿਕ ਸੁਰੱਖਿਅਤ ਪਰਤਣ। ਉਨਾਂ ਦੱਸਿਆ ਕਿ ਸ਼ਹਿਰੀ ਕੇਂਦਰ ਦੋ ਸਿਫਟਾਂ ਵਿਚ ਕੰਮ ਕਰਨਗੇ। ਪਹਿਲੀ ਸਿਫਟ ਸਵੇਰੇ 8 ਵਜੇ ਤੋਂ ਡੇਢ ਵਜੇ ਤੱਕ ਅਤੇ ਦੂਸਰੇ ਡੇਢ ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰੇਗੀ।
ਇਸ ਸਬੰਧੀ ਵਿਸਥਾਰ ਦਿੰਦੇ ਜਿਲਾ ਟੈਕਨੀਕਲ ਕੁਆਰਡੀਨੇਟਰ ਸ੍ਰੀ ਪ੍ਰਿੰਸ ਸਿੰਘ ਨੇ ਦੱਸਿਆ ਕਿ ਸਹਾਇਕ ਜਿਲਾ ਈ-ਗਵਰਨੈਸ ਕੋਆਰਡੀਨੇਟਰ ਸ੍ਰੀ ਰਘੂ ਕਾਲੀਆ ਅਤੇ ਸ੍ਰੀ ਨਵਪ੍ਰੀਤ ਸਿੰਘ ਦੀ ਅਗਵਾਈ ਹੇਠ ਸਾਰੇ ਕੇਂਦਰ ਸਮੇਂ ਸਿਰ ਨਾਗਰਿਕ ਸਾਵਾਂ ਦੇ ਰਹੇ ਹਨ ਅਤੇ 99 ਫੀਸਦੀ ਅਰਜ਼ੀਆਂ ਦਾ ਨਿਪਟਾਰਾ ਹੋ ਚੁੱਕਾ ਹੈ, ਕੇਵਲ ਇਕ ਫੀਸਦੀ ਤੋਂ ਵੀ ਘੱਟ ਅਰਜ਼ੀਆਂ ਵਿਚਾਰ ਅਧੀਨ ਹਨ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲੇ ਵਿਚ ਕੇਵਲ ਇਸ ਸਾਲ ਵਿਚ ਹੀ 3,73,844 ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਆਨ-ਲਾਇਨ ਕੰਮ ਹੋਣ ਕਾਰਨ ਹਰੇਕ ਕੇਂਦਰ ਵਿਚ ਪੈਂਡਿੰਗ ਪਈਆਂ ਅਰਜ਼ੀਆਂ ਉਤੇ ਡਿਪਟੀ ਕਮਿਸ਼ਨਰ ਦਫਤਰ ਦੀ ਸਿੱਧੀ ਨਿਗਾ ਰਹਿੰਦੀ ਹੈ, ਜਿਸ ਨਾਲ ਕੰਮ ਵਿਚ ਪਾਰਦਰਸ਼ਤਾ ਬਣੀ ਹੈ ਤੇ ਕੰਮ ਦੇਰੀ ਨਾਲ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਉਨਾਂ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਕੋਵਿਡ-19 ਸੰਕਟ ਦੇ ਚੱਲਦੇ ਸਿਹਤ ਵਿਭਾਗ ਦੀਆਂ ਹਦਾਇਤਾਂ, ਜਿਸ ਵਿਚ ਮਾਸਕ ਪਾਉਣਾ, ਆਪਸੀ ਦੂਰੀ 2 ਗਜ਼ ਰੱਖਣੀ ਆਦਿ ਦਾ ਧਿਆਨ ਰੱਖਦੇ ਹੋਏ ਵੀ ਸੇਵਾ ਕੇਂਦਰ ਵਿਚ ਕੰਮ ਲਈ ਪਹੁੰਚਣ, ਤਾਂ ਜੋ ਵਾਇਰਸ ਨੂੰ ਫੈਲਣ ਦਾ ਮੌਕਾ ਸਾਡੇ ਕੇਂਦਰਾਂ ਵਿਚ ਨਾ ਮਿਲੇ।