Site icon NewSuperBharat

ਕੋਰੋਨਾ ਵਾਇਰਸ ‘ਤੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵਲੋਂ ਜਾਗਰੂਕਤਾ ਅਭਿਆਨ ਦਾ ਸਮਾਪਨ

5 ਦਿਨਾਂ ਜਾਗਰੂਕਤਾ ਮੁਹਿੰਮ ਦੇ ਅਖੀਰਲੇ ਦਿਨ ਛੇਹਰਟਾ, ਗੁਰੂ ਤੇਗ ਬਹਾਦੁਰ ਨਗਰ ਸਣੇ ਕਈ ਥਾਵਾਂ ‘ ਤੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਲੋਕਾਂ ਨੂੰ ਕੋਰੋਨਾ ਖਿਲਾਫ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ

ਲੋਕਾਂ ਨੇ ਕੇਂਦਰ ਸਰਕਾਰ ਦੀ ਇਸ ਮੁਹਿੰਮ ਨੂੰ ਜਨ ਅੰਦੋਲਨ ਬਣਾਉਣ ਦਾ ਕੀਤਾ ਵਾਅਦਾ

ਅੰਮ੍ਰਿਤਸਰ 31 ਅਗਸਤ / ਨਿਊ ਸੁਪਰ ਭਾਰਤ ਨਿਊਜ਼

ਕੋਰੋਨਾ ਵਾਇਰਸ ਮਹਾਂਮਾਰੀ ਉੱਤੇ ਇਨਾਂ ਦਿਨੀਂ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵੱਲੋਂ ਦੇਸ਼ ਭਰ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵੱਲੋਂ ਸ਼ਹਿਰ ਵਿਚ ਮੋਬਾਈਲ ਵੈਨ ਜ਼ਰੀਏ ਲੋਕਾਂ ਨੂੰ ਸਮਾਜਿਕ ਦੂਰੀ ਦੇ ਨੇਮਾਂ ਦੇ ਨਾਲ ਨਾਲ ਮਹਾਂਮਾਰੀ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਸ ਮੁਹਿੰਮ ਦੇ ਅਖੀਰਲੇ  ਦਿਨ ਸ਼ਹਿਰ ਦੇ ਛੇਹਰਟਾ, ਕੋਟ ਖਾਲਸਾ ਰੋਡ, ਕਬੀਰ ਪਾਰਕ, ਗੁਰੂ ਕੀ ਵਡਾਲੀ, ਗੁਰੂ ਗੋਬਿੰਦ ਸਿੰਘ ਨਗਰ, ਜੀ. ਐਨ. ਡੀ. ਯੂ. ਰੋਡ ਅਤੇ ਗੋਲਡਨ ਅਵੇਨਯੂ ਸਣੇ ਕਈ ਥਾਵਾਂ ਉੱਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸਦੇ ਨਾਲ ਹੀ ਲੋਕਾਂ ਨੂੰ ਪੈਂਫਲੇਟ ਵੰਡ ਕੇ ਕੋਰੋਨਾ ਤੋਂ ਬਚਣ ਦੀ ਸਲਾਹ ਦਿੱਤੀ ਗਈ। ਇਸ ਜਾਗਰੂਕਤਾ ਮੁਹਿੰਮ ਦੌਰਾਨ ਲੋਕਾਂ ਨੇ ਵਿਭਾਗ ਦੇ ਅਧਿਕਾਰੀਆਂ ਤੋਂ ਕੋਰੋਨਾ ਮਹਾਂਮਾਰੀ ਅਤੇ ਲੋਕ ਡਾਊਨ ਬਾਰੇ ਕਈ ਤਰਾਂ ਦੇ ਸਵਾਲ ਕੀਤੇ ਅਤੇ ਅਪਣੇ ਸੰਸ਼ੇ ਦੂਰ ਕੀਤੇ। ਇਸ ਦੌਰਾਨ ਮਾਸਕ ਤੋਂ ਬਿਨਾ ਬਾਜ਼ਾਰਾਂ ਅਤੇ ਸੜਕਾਂ ਉੱਤੇ ਘੁੰਮ ਰਹੇ ਲੋਕਾਂ ਨੂੰ ਮਾਸਕ ਪਾ ਕੇ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਇਹ ਦੌਰ ਹਰ ਦੇਸ਼ ਵਾਸੀ ਲਈ ਚੁਣੌਤੀਪੂਰਨ ਹੈ, ਅਜਿਹੇ ਵਿਚ ਹਰ ਨਾਗਰਿਕ ਨੂੰ ਸਰਕਾਰ ਦੀ ਇਸ ਜਾਗਰੂਕਤਾ ਮੁਹਿੰਮ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਮੁਹਿੰਮ ਨੂੰ ਉਦੋਂ ਤੱਕ ਸਫ਼ਲ ਨਹੀਂ ਬਣਾ ਸਕਦੀ, ਜਦੋਂ ਤੱਕ ਉਸ ਨੂੰ ਜਨਤਾ ਦਾ ਸਾਥ ਨਾ ਮਿਲੇ। ਇਸ ਕਰਕੇ ਇਸ ਮੁਹਿੰਮ ਵਿਚ ਵੀ ਲੋਕਾਂ ਦੇ ਵੱਡੇ ਪੱਧਰ ਉੱਤੇ ਭਾਗੀਦਾਰ ਬਣਨ ਦੀ ਬਹੁਤ ਲੋੜ ਹੈ। ਗੁਰਮੀਤ ਸਿੰਘ ਨੇ ਆਖਿਆ ਕਿ ਜਦੋਂ ਕੋਰੋਨਾ ਵਾਇਰਸ ਦੇਸ਼ ਭਰ ਵਿਚ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਜਿਹੇ ਸਮੇਂ ਵਿੱਚ ਲੋਕਾਂ ਨੂੰ ਇਸ ਬਾਰੇ ਵੇਰਵੇ ਸਣੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਪਰ ਇਹ ਜਾਣਕਾਰੀ ਸਿਰਫ ਸਰਕਾਰ ਦੇਵੇ, ਇਹ ਜ਼ਰੂਰੀ ਨਹੀਂ।

ਇਸ ਮਿਸ਼ਨ ਵਿੱਚ ਲੋਕ ਵੱਡੀ ਅਤੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ ਅਤੇ ਇੱਕ ਦੂਜੇ ਨੂੰ ਜਾਗਰੂਕ ਕਰਨ ਵਿਚ ਸਮਾਜ ਅਤੇ ਸਰਕਾਰ ਦੀ ਮਦਦ ਕਰ ਸਕਦੇ ਨੇ। ਇਸਦੇ ਨਾਲ ਹੀ ਓਹਨਾਂ ਕਿਹਾ ਕਿ ਵੱਧ ਤੋਂ ਵੱਧ ਹੱਥ ਸਾਫ ਰੱਖ ਕੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਨਾਲ ਕੁਝ ਹੋਰ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਈ.ਬੀ. ਮਿਨੀਸਟਰੀ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਸਰਕਾਰ ਦੀ ਸੱਭ ਤੋਂ ਪਹਿਲੀ ਪ੍ਰਾਥਮਿਕਤਾ ਦੇਸ਼ ਦੇ ਲੋਕਾਂ ਦੀ ਸਿਹਤ ਹੈ ਅਤੇ ਇਸੇ ਦੇ ਮੱਦੇਨਜ਼ਰ ਭਾਰਤ ਸਰਕਾਰ ਵਲੋਂ ਵੱਡੇ ਪੱਧਰ ‘ ਤੇ ਜਾਗਰੂਕਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਹਾਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਉੱਤੇ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਟੀ.ਵੀ., ਰੇਡੀਓ ਅਤੇ ਹੋਰ ਸੰਚਾਰ ਦੇ ਸਾਧਨਾਂ ਤੋਂ ਇਲਾਵਾ ਜ਼ਮੀਨੀ ਪੱਧਰ ਉੱਤੇ ਗਲੀ-ਮੁਹੱਲਿਆਂ ਵਿੱਚ ਜਾ ਕੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਉੱਮੀਦ ਪ੍ਰਗਟਾਈ ਕਿ ਲੋਕ ਵੱਧ ਚੜ ਕੇ ਕੋਰੋਨਾ ਦੀ ਇਸ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲੈਣਗੇ।

ਦੱਸਣਯੋਗ ਹੈ ਕਿ ਪੰਜ ਦਿਨਾਂ ਜਾਗਰੂਕਤਾ ਮੁਹਿੰਮ ਦੇ ਅਖੀਰਲੇ ਦਿਨ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਨਾ ਸਿਰਫ ਸਮਾਜਿਕ ਦੂਰੀ ਦੀ ਪਾਲਣਾ ਦੀ ਅਪੀਲ ਕੀਤੀ ਗਈ ਬਲਕਿ ਬਿਮਾਰੀ ਤੋਂ ਬਚਣ ਲਈ ਉਚਿਤ ਢੰਗ ਅਪਨਾਉਣ ਅਤੇ ਸਰਕਾਰ ਦੀ ਗਾਈਡਲਾਈਨਜ਼ ਨੂੰ ਤਨਦੇਹੀ ਨਾਲ ਮੰਨਣ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ  ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਬਾਰੇ ਜੋ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਸ ਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਮਿੱਤਰਾਂ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ। ਇਸ ਮੌਕੇ ਲੋਕਾਂ ਨੂੰ ਸਲਾਹ ਦਿੱਤੀ ਗਈ ਕਿ ਜੇ ਓਹਨਾਂ ਦੀ ਜਾਣਕਾਰੀ ਵਿਚ ਕੋਈ ਕੋਰੋਨਾ ਵਾਇਰਸ ਦਾ ਪੀੜਤ ਹੈ ਤਾਂ ਇਸਦੀ ਜਾਣਕਾਰੀ ਫੌਰੀ ਤੌਰ ‘ਤੇ ਪ੍ਰਸ਼ਾਸ਼ਨ ਤੇ ਸਰਕਾਰ ਨਾਲ ਸਾਂਝੀ ਕੀਤੀ ਜਾਵੇ, ਜਿਸ ਤੋਂ ਬਾਅਦ ਉਕਤ ਵਿਅਕਤੀ ਦੀ ਜਾਂਚ ਕਰਨ ਦੇ ਨਾਲ-ਨਾਲ ਲੋੜ ਪੈਣ ‘ਤੇ ਪ੍ਰੋਟੋਕੋਲ ਦੇ ਮੱਦੇਨਜ਼ਰ ਇਲਾਜ ਕੀਤਾ ਜਾਵੇਗਾ।

ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਅਭਿਆਨ ਦਾ ਟੀਚਾ ਹਰ ਵਿਅਕਤੀ ਤੱਕ ਕੋਰੋਨਾ ਮਹਾਂਮਾਰੀ ਅਤੇ ਇਸ ਤੋਂ ਬਚਣ ਦੇ ਉਪਾਅ ਬਾਰੇ ਸੰਪੂਰਨ ਜਾਣਕਾਰੀ ਪਹੁੰਚਾਉਣਾ ਹੈ। ਬਹਿਰਹਾਲ ਅੰਮ੍ਰਿਤਸਰ ਵਿਚ ਚਲਾਏ ਗਏ ਇਸ ਪੰਜ ਦਿਨਾਂ ਅਭਿਆਨ ਦੀ ਲੋਕਾਂ ਵਲੋਂ ਵੱਡੇ ਪੱਧਰ ਉੱਤੇ ਸ਼ਲਾਘਾ ਕੀਤੀ ਗਈ ਅਤੇ ਇਸ ਨੂੰ ਜਨ ਅੰਦੋਲਨ ਬਣਾਉਣ ਦਾ ਵਾਅਦਾ ਵੀ ਕੀਤਾ।

ਕੈਪਸ਼ਨ: ਲੋਕਾਂ ਨੂੰ ਜਾਗਰੂਕ ਕਰਦੇ ਹੋਏ ਮੋਬਾਇਲ ਵੈਨ ਦੀਆਂ ਵੱਖ-ਵੱਖ ਤਸਵੀਰਾਂ

Exit mobile version