Site icon NewSuperBharat

ਮੈਡੀਕਲ ਕਾਲਜਾਂ ਨੇ 9 ਲੱਖ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਕੀਤੇ-ਸੋਨੀ

ਕੋਵਿਡ ਸਥਿਤੀ ਦੀ ਕੀਤੀ ਸਮੀਖਿਆ-ਨਿੱਜੀ ਹਸਪਤਾਲਾਂ ਦੀ ਜਾਂਚ ਕਰਨ ਦੀ ਵੀ ਕੀਤੀ ਹਦਾਇਤ

ਅੰਮ੍ਰਿਤਸਰ, 31 ਅਗਸਤ ( ਨਿਊ ਸੁਪਰ ਭਾਰਤ ਨਿਊਜ਼  )-

ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਜਿਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਵਿਡ ਮਾਮਲਿਆਂ ਦੀ ਵੱਧ ਰਹੀ ਗਿਣਤੀ ਨਾਲ ਨਿਜੱਠਣ ਲਈ ਜਿੱਥੇ ਟੈਸਟਾਂ ਦੀ ਗਿਣਤੀ ਵਧਾਈ ਜਾਵੇ ਉਥੇ ਨਿੱਜੀ ਹਸਪਤਾਲਾਂ ਦੀ ਜਾਂਚ ਵੀ ਕੀਤੀ ਜਾਵੇ, ਕਿਉਂਕਿ ਪਤਾ ਲੱਗਾ ਹੈ ਕਿ ਕਈ ਹਸਪਤਾਲ ਆਪਣੇ ਕੋਲ ਕੋਰੋਨਾ ਦੇ ਲੱਛਣਾਂ ਵਾਲੇ ਆਏ ਮਰੀਜ਼ਾਂ ਦਾ ਟੈਸਟ ਨਹੀਂ ਕਰਵਾਉਂਦੇ ਅਤੇ ਉਸੇ ਤਰਾਂ ਘਰ ਭੇਜ ਦਿੰਦੇ ਹਨ, ਜਿਸ ਨਾਲ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।

ਉਨਾਂ ਕਿਹਾ ਕਿ ਇਸ ਵੇਲੇ ਜਿਲੇ ਵਿਚ 4000 ਦੇ ਕਰੀਬ ਕੋਰੋਨਾ ਮਰੀਜਾਂ ਦੀ ਸ਼ਨਾਖਤ ਹੋ ਚੁੱਕੀ ਹੈ ਅਤੇ 158 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ, ਜੋ ਕਿ ਬਹੁਤ ਵੱਡਾ ਅੰਕੜਾ ਹੈ। ਉਨਾਂ ਦੱਸਿਆ ਕਿ ਮੈਡੀਕਲ ਕਾਲਜਾਂ ਦੇ ਨਾਲ-ਨਾਲ ਪੰਜਾਬ ਵਿਚ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ 4 ਲੈਬਾਰਟਰੀਆਂ ਦੇ ਕੰਮ ਕਰਨਾ ਸ਼ੁਰੂ ਕਰਨ ਨਾਲ ਰੋਜ਼ਾਨਾ ਟੈਸਟ ਸਮਰੱਥਾ 20 ਹਜ਼ਾਰ ਹੋ ਚੁੱਕੀ ਹੈ, ਪਰ ਇੰਨੇ ਲੋਕ ਟੈਸਟ ਵਾਸਤੇ ਨਹੀਂ ਆ ਰਹੇ। ਉਨਾਂ ਦੱਸਿਆ ਕਿ ਹੁਣ ਤੱਕ ਮੈਡੀਕਲ ਕਾਲਜ 9 ਲੱਖ ਤੋਂ ਵੱਧ ਵਿਅਕਤੀਆਂ ਦੇ ਕੋਰੋਨਾ ਟੈਸਟ ਕਰ ਚੁੱਕੇ ਹਨ, ਜਿੰਨਾ ਵਿਚੋਂ 36500 ਦੇ ਕਰੀਬ ਵਿਅਕਤੀ ਕੋਰੋਨਾ ਦੇ ਰੋਗੀ ਸਨ।

    ਹਫਤਾਵਾਰੀ ਸਮੀਖਿਆ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕਰਦੇ ਸ੍ਰੀ ਸੋਨੀ ਨੇ 40 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਮਰੀਜ਼ਾਂ, ਜਿਨਾਂ ਦੀ ਮੌਤ ਦੀ ਦਰ ਵੱਧ ਹੈ, ਉੱਤੇ ਧਿਆਨ ਕੇਂਦਰਿਤ ਕਰਨ ਦੀ ਹਦਾਇਤ ਵੀ ਕੀਤੀ। ਉਨਾਂ ਅਗਲੇ ਦੋ ਹਫ਼ਤਿਆਂ ਦੀ ਸੰਭਾਵਨਾ ਬਾਰੇ ਬੋਲਦੇ ਕਿਹਾ ਕਿ ਸਮੇਂ ਸਿਰ ਜਾਂਚ, ਇਕਾਂਤਵਾਸ ਅਤੇ ਇਲਾਜ ਕਰਨ ਲਈ ਸੰਪਰਕਾਂ ਦਾ ਪਤਾ ਲਾਉਣ ਵਿੱਚ ਤੇਜ਼ੀ ਲਿਆਉਣ ਦੀ ਬਹੁਤ ਲੋੜ ਹੈ। ਉਨਾਂ ਪੁਲਿਸ ਕਮਿਸ਼ਨਰ ਨੂੰ ਵੀ ਹਦਾਇਤ ਕੀਤੀ ਕਿ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਵਿਚ ਢਿੱਲ ਨਾ ਕੀਤੀ ਜਾਵੇ ਅਤੇ ਮਾਸਕ ਤੋਂ ਬਿਨਾਂ ਬਾਹਰ ਘੁੰਮਣ ਵਾਲੇ ਲੋਕਾਂ ਨਾਲ ਸਖਤੀ ਵਰਤੀ ਜਾਵੇ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਸ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਸਿਵਲ ਸਰਜਨ ਡਾ. ਨਵਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ

ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਸ੍ਰੀ ਓ ਪੀ ਸੋਨੀ। ਨਾਲ ਹਨ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ।

=====

Exit mobile version