*ਸਕੀਮ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 134381 ਲੋੜਵੰਦ ਲਾਭਪਾਤਰੀਆਂ ਦੇ ਬਣਾਏ ਗਏ ਜਾਬ ਕਾਰਡ
ਅੰਮ੍ਰਿਤਸਰ / 27 ਅਗਸਤ / ਨਿਊ ਸੁਪਰ ਭਾਰਤ ਨਿਊਜ
ਮਗਨਰੇਗਾ ਸਕੀਮ ਤਹਿਤ ਵਿੱਤੀ ਸਾਲ 2020-21 ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੱਖ ਵੱਖ ਕੰਮਾਂ ‘ਤੇ 100 ਕਰੋੜ ਰੁਪਏ ਖਰਚ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੁਣ ਤੱਕ 134381 ਲੋੜਵੰਦ ਲਾਭਪਾਤਰੀਆਂ ਦੇ ਜਾੱਬ ਕਾਰਡ ਬਣਾਏ ਗਏ ਹਨ ਅਤੇ ਅੱਜ ਤੱਕ 621660 ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿੱਤੀ ਸਾਲ 2020-21 ਵਿਚ ਭਾਰਤ ਸਰਕਾਰ ਵਲੋਂ ਪੰਜਾਬ ਰਾਜ ਵਿਚ ਇਸ ਸਕੀਮ ਤਹਿਤ 263 ਰੁਪਏ ਦਿਹਾੜੀ ਨੀਯਤ ਕੀਤੀ ਗਈ ਹੈ।ਮਹਾਤਮਾ ਗਾਂਧੀ ਨਰੇਗਾ ਸਕੀਮ 1 ਅਪ੍ਰੈਲ, 2008 ਤੋਂ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਹੈ।ਮਗਨਰੇਗਾ ਸਬੰਧੀ ਪਹਿਲਾ ਐਕਟ 2005 ਵਿਚ ਭਾਰਤ ਸਰਕਾਰ ਵਲੋਂ ਤਿਆਰ ਕੀਤਾ ਗਿਆ ਸੀ ਇਸ ਉਪਰੰਤ ਸਾਲ 2008 ਅਤੇ 2013 ਵਿਚ ਸੋਧ ਕੀਤੀ ਗਈ ਹੈ।ਇਸ ਸਕੀਮ ਦਾ ਮੁੱਖ ਮੰਤਵ ਲੋੜਵੰਦ ਲੋਕਾਂ ਦੇ ਜਾੱਬ ਕਾਰਡ ਤਿਆਰ ਕਰਕੇ ਉਹਨਾਂ ਨੂੰ ਰੋਜ਼ਗਾਰ ਦੇਣਾ ਹੈ ਅਤੇ ਪਿੰਡਾਂ ਵਿਚ ਸਥਾਈ ਜਾਇਦਾਦਾਂ ਤਿਆਰ ਕਰਨੀਆਂ ਹਨ।ਇਸ ਸਕੀਮ ਤਹਿਤ ਕੋਈ ਵੀ ਵਿਅਕਤੀ ਜੋ ਲੇਬਰ ਕਰਨੀ ਚਾਹੁੰਦਾ ਹੋਵੇ ਆਪਣਾ ਜਾਬ ਕਾਰਡ ਬਣਾ ਕੇ ਰੋਜਗਾਰ ਪ੍ਰਾਪਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਮਗਨਰੇਗਾ ਜਾਬ ਕਾਰਡ ਹੋਲਡਰਾਂ ਨੂੰ ਮਗਨਰੇਗਾ ਅਧੀਨ ਵੱਧ ਤੋ ਵੱਧ ਸਹੂਲਤ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਰਕੇ ਪਿੰਡ ਵਿੱਚ 5-5 ਵਿਅਕਤੀਗਤ ਘਰਾਂ ਨੂੰ ਕੈਟਲ ਸ਼ੈੱਡ, ਸੂਰਾਂ, ਬੱਕਰੀਆਂ ਦੇ ਸ਼ੈੱਡ ਬਣਾਉਣ ਦਾ ਲਾਭ ਮਗਨਰੇਗਾ ਅਧੀਨ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਜਿਲ੍ਹਾ ਅੰਮ੍ਰਿਤਸਰ ਵਿੱਚ 4300 ਨੂੰ ਵਿਅਕਤੀਗਤ ਲਾਭ ਦਿੱਤਾ ਜਾਣਾ ਹੈ,ਅਤੇ ਇਸ ਦੇ ਤਹਿਤ 1800 ਪਸ਼ੂਆਂ ਦੇ ਸੈਡਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਵਿਚ ਮਗਨਰੇਗਾ ਅਧੀਨ ਛੱਪੜਾਂ ਦੇ ਨਵੀਨੀਕਰਨ, ਸੀਚੇਵਾਲ ਮਾਡਲ ਛੱਪੜਾਂ ਦੇ ਨਿਰਮਾਣ ਦੇ ਕੰਮ, ਪਲਾਂਟੇਸ਼ਨ, ਆਂਗਣਵਾੜੀ ਸੈਂਟਰ, ਰੂਰਲ ਕੁਨੈਕਟੀਵਿਟੀ ਅਤੇ ਪਾਰਕਾਂ ਦੀ ਉਸਾਰੀ ਕਰਵਾਈ ਗਈ ਹੈ।
ਸ੍ਰ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ ਪੂਰਬ ਨੂੰ ਸਮਰਪਿਤ ਜਿਲੇ੍ਹ ਦੇ ਹਰ ਪਿੰਡ ਵਿੱਚ ਮਗਨਰੇਗਾ ਸਕੀਮ ਤਹਿਤ ਬੂਟੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਿਲੇ੍ਹ ਦੀਆਂ 853 ਪੰਚਾਇਤਾਂ ਵਿੱਚ 341200 ਬੂਟੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਬੂਟੇ ਲਗਾਉਣ ਲਈ ਮਗਨਰੇਗਾ ਸਕੀਮ ਅਧੀਨ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 18 ਨਰਸਰੀਆਂ ਤਿਆਰ ਕੀਤੀਆਂ ਗਈਆਂ ਹਨ। ਇਹ ਬੂਟੇ ਇਨ੍ਹਾਂ ਨਰਸਰੀਆਂ ਤੋਂ ਪੰਚਾਇਤਾਂ ਨੂੰ ਮੁਫ਼ਤ ਦਿੱਤੇ ਜਾਣਗੇ।