ਜਿਲ੍ਹਾ ਅੰਮ੍ਰਿਤਸਰ ਦੇ 1567 ਵਿਦਿਆਰਥੀਆਂ ਨੇ ਲਿਆ ਹਿੱਸਾ।
ਅੰਮ੍ਰਿਤਸਰ, 24 ਅਗਸਤ ( ਨਿਊ ਸੁਪਰ ਭਾਰਤ ਨਿਊਜ਼ )
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਭਾਸ਼ਨ ਪ੍ਰਤੀਯੋਗਤਾ ਦੀ ਕੜੀ ਦੇ ਚੌਥੇ ਮੁਕਾਬਲਿਆਂ ਵਿਚ ਰਾਜ ਭਰ ਤੋ 28537 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ 1567 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।
ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ, ਉਸਤਤ, ਫਲਸਫੇ ਤੇ ਕੁਰਬਾਨੀ ਸਬੰਧੀ ਭਾਸ਼ਨ ਰਾਹੀਂ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ। ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ: ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਪ੍ਰਤੀਯੋਗੀਤਾ ਵਿਚ ਮਿਡਲ ਵਰਗ ਦੇ 428 ਸੈਕੰਡਰੀ ਵਰਗ ਦੇ 409 ਅਤੇ ਐਲੀਮੈਂਟਰੀ ਵਿੰਗ ਦੇ 730 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
ਉਨਾਂ ਦੱਸਿਆ ਕਿ ਇਨਾਂ ਭਾਸ਼ਣ ਮੁਕਾਬਲਿਆਂ ਵਿਚ ਵਿਦਿਆਰਥੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ ਅਤੇ ਗੁਰੂ ਜੀ ਦੇ ਪ੍ਰਤੀ ਆਪਣੇ ਸੱਚੇ ਮਨੋਭਾਵ ਪ੍ਰਗਟ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ। ਉਨਾਂ ਦਸਿਆ ਕਿ ਜ਼ਿਲਾ ਪ੍ਰੋਗਰਾਮ ਨੋਡਲ ਅਫ਼ਸਰ ਕੁਮਾਰੀ ਆਦਰਸ਼ ਸ਼ਰਮਾ ਅਤੇ ਸਮੁੱਚੀ ਟੀਮ ਬੜੀ ਮਿਹਨਤ ਨਾਲ ਇਨਾਂ ਪ੍ਰਤੀਯੋਗੀਤਾਵਾਂ ਨੂੰ ਨੇਪਰੇ ਚਾੜ੍ਹ ਰਹੀ ਹੈ।
ਫੋਟੋ ਕੈਪਸਨ:- ਵਿਦਿਆਰਥਣ ਸਮਰੀਨ ਕੌਰ ਸ.ਸ.ਸ.ਸ. ਬੱਲ ਕਲਾਂ ਭਾਸ਼ਣ ਦਿੰਦੀ ਹੋਈ।