*ਕੋਵਿਡ 19 ਟੈਸਟਾਂ ਲਈ ਨਿੱਜੀ ਲੈਬ ਵੀ ਅੱਗੇ ਆਉਣ
ਅੰਮ੍ਰਿਤਸਰ / 22 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜ਼ਿਲੇ ਵਿੱਚ ਕੋਵਿਡ-19 ਦੇ ਖਾਤਮੇ ਲਈ ਲਗਾਏ ਗਏ ਨੋਡਲ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ, ਵਧੀਕ ਮੁੱਖ ਸਕੱਤਰ ਪਾਵਰ ਨੇ ਅੱਜ ਅੰਮ੍ਰਿਤਸਰ ਪਹੁੰਚ ਕੇ ਸਿਹਤ ਵਿਭਾਗ ਦੇ ਸਾਰੇ ਐਸ.ਐਮ.ਓ., ਐਸ.ਡੀ.ਐਮ., ਪੁਲਿਸ ਤੇ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਜੋ ਕਿ ਸਿੱਧੇ ਤੌਰ ਤੇ ਇਸ ਜੰਗ ਵਿੱਚ ਲੱਗੇ ਹੋਏ ਹਨ, ਨਾਲ ਮੀਟਿੰਗ ਕੀਤੀ।
ਉਨਾਂ ਕਿਹਾ ਕਿ ਕੋਵਿਡ-19 ਉਤੇ ਫਤਿਹ ਪਾਉਣ ਲਈ ਲਾਕਡਾਊਨ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਨ ਦੇ ਨਾਲ -ਨਾਲ ਲੋਕਾਂ ਦੇ ਕਰੋਨਾ ਟੈਸਟ ਵਧਾਉਣੇ ਜ਼ਰੂਰੀ ਹਨ, ਤਾਂ ਕਿ ਬਿਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਜਦੋਂ ਤੋਂ ਸਰਕਾਰ ਨੇ ਕੋਵਿਡ-19 ਦੇ ਪੀੜਤਾਂ ਨੂੰ ਵੀ ਆਪਣੇ ਘਰਾਂ ਵਿੱਚ ਵੱਖਰੇ ਰਹਿਣ ਦੀ ਅਗਿਆ ਦਿੱਤੀ ਹੈ। ਉਸ ਨਾਲ ਲੋਕਾਂ ਦਾ ਮਨੋਬਲ ਵਧਿਆ ਹੈ ਅਤੇ ਲੋਕ ਆਪਣੇ ਪੱਧਰ ਉਤੇ ਹੀ ਟੈਸਟ ਕਰਾਉਣ ਲਈ ਆਉਣ ਲੱਗੇ ਹਨ। ਉਨਾਂ ਜ਼ਿਲੇ ਦੀ ਸਮਰੱਥਾ ਅਨੁਸਾਰ ਰੋਜ਼ਾਨਾ 2000 ਟੈਸਟ ਕਰਵਾਉਣ ਲਈ ਕੰਮ ਕਰਨ ਦੀ ਹਦਾਇਤ ਕੀਤੀ।
ਇਸ ਦੇ ਨਾਲ ਹੀ ਸ੍ਰੀ ਅਗਰਵਾਲ ਨੇ ਟੈਸਟਾਂ ਲਈ ਨਿੱਜੀ ਲੈਬਾਰਟਰੀਆਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾ, ਤਾਂ ਜੋ ਟੈਸਟਾਂ ਦੀ ਗਿਣਤੀ ਹੋਰ ਵਧਾਈ ਜਾ ਸਕੇ। ਉਨਾਂ ਕਿਹਾ ਕਿ ਜਿਸ ਇਲਾਕੇ ਵਿੱਚ ਮਰੀਜ਼ ਮਿਲਦਾ ਹੈ, ਉਸ ਇਲਾਕੇ ਨੂੰ ਪੂਰੀ ਤਰਾਂ ਸੈਨੇਟਾਈਜ਼ ਵੀ ਕੀਤਾ ਜਾਵੇ।
ਸ੍ਰੀ ਅਗਰਵਾਲ ਨੇ ਇਸ ਤੋਂ ਇਲਾਵਾ ਜ਼ਿਲੇ ਵਿਚ ਸਰਕਾਰੀ ਇਕਾਂਤਵਾਸ ਕੇਂਦਰਾਂ, ਸੰਪਰਕਾਂ ਤੱਕ ਪਹੁੰਚ ਕਰਨ ਲਈ ਅਪਨਾਈ ਜਾਂਦੀ ਵਿਧੀ, ਐਂਬੂਲੈਂਸ ਦੇ ਪ੍ਰਬੰਧ, ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਜੋਨਾਂ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਲਈ। ਉਨਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਤਰਾਂ ਦੇ ਸੰਕਟ ਨਾਲ ਨਿਜੱਠਣ ਲਈ ਤਿਆਰ ਹੈ, ਅਤੇ ਜ਼ਿਲੇ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪ੍ਰਬੰਧਾਂ ਲਈ ਆਉਣ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਿਮਾਂਸ਼ੂ ਅਗਰਵਾਲ, ਡੀ.ਸੀ.ਪੀ. ਸ੍ਰੀ ਜਗਮੋਹਨ ਸਿੰਘ, ਐਸ.ਪੀ. ਸ੍ਰੀ ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਸਹਾਇਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਐਸ.ਡੀ.ਐਮ. ਸ੍ਰੀਮਤੀ ਅਲਕਾ ਕਾਲੀਆ, ਐਸ.ਡੀ.ਐਮ. ਸ੍ਰੀਮਤੀ ਸੁਮਿਤ ਮੁੱਧ, ਐਸ.ਡੀ.ਐਮ. ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ. ਸ੍ਰੀ ਵਿਕਾਸ ਹੀਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।