ਡਾ: ਹਿੰਮਾਸ਼ੂ ਅਗਰਵਾਲ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਕੋਵਿਡ ਵਾਰਡ ਦਾ ਦੌਰਾ

ਕਰੋਨਾ ਵਾਰਡ ਵਿੱਚ ਦਾਖਲ ਹੋਣ ਸਮੇਂ ਡਾ: ਹਿੰਮਾਂਸ਼ੂ ਅਗਰਵਾਲ ਤੇ ਹੋਰ ਅਧਿਕਾਰੀ।
ਅੰਮ੍ਰਿਤਸਰ / 19 ਅਗਸਤ / ਨਿਊ ਸੁਪਰ ਭਾਰਤ ਨਿਊਜ
ਵਧੀਕ ਡਿਪਟੀ ਕਮਿਸ਼ਨਰ ਡਾ: ਹਿੰਮਾਂਸ਼ੂ ਅਗਰਵਾਲ ਜਿੰਨਾਂ ਨੂੰ ਸਰਕਾਰ ਵੱਲੋਂ ਡਾਕਟਰੀ ਸਿਖਿਆ ਤੇ ਖੋਜ ਵਿਭਾਗ ਦਾ ਵਧੀਕ ਸਕੱਤਰ ਲਗਾ ਕੇ ਅੰਮ੍ਰਿਤਸਰ ਵਿੱਚ ਕੋਵਿਡ-19 ਦੇ ਨੋਡਲ ਅਧਿਕਾਰੀ ਵੀ ਲਗਾਇਆ ਗਿਆ ਹੈ, ਨੇ ਅੱਜ ਪੀ:ਪੀ:ਈ ਕਿੱਟਾਂ ਪਾ ਕੇ ਖੁਦ ਗੁਰੂ ਨਾਨਕ ਦੇਵ ਹਪਸਤਾਲ ਦੀ ਕੋਵਿਡ-19 ਵਾਰਡ ਦਾ ਦੌਰਾ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਰਜੀਵ ਦੇਵਗਨ, ਸੁਪਰਡੰਟ ਰਮਨ ਸ਼ਰਮਾ ਅਤੇ ਕੋਵਿਡ ਆਈ:ਸੀ:ਯੂ ਦੇ ਇੰਚਾਰਜ ਡਾ: ਅੱਤਰੀ ਵੀ ਪੀ:ਪੀ:ਈ ਕਿੱਟਾਂ ਪਾ ਕੇ ਵਾਰਡ ਵਿੱਚ ਗਏ।
ਡਾ: ਹਿੰਮਾਂਸ਼ੂ ਨੇ ਇਸ ਮੌਕੇ ਕਰੋਨਾ ਦੇ ਆਈ:ਸੀ:ਯੂ ਵਾਰਡ, ਕੋਵਿਡ-19 ਨਾਲ ਸਬੰਧਤ ਆਮ ਵਾਰਡ ਦਾ ਦੌਰਾ ਕੀਤਾ ਅਤੇ ਉੋਥੇ ਮਰੀਜਾਂ ਦੇ ਇਲਾਜ ਲਈ ਹਸਪਤਾਲ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਦੌਰਾਨ ਉਨ੍ਹਾਂ ਨੇ ਮਰੀਜਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਉਨ੍ਹਾਂ ਨੇ ਮਰੀਜਾਂ ਨੂੰ ਦਿੱਤੇ ਜਾ ਰਹੇ ਭੋਜਨ, ਦਵਾਈਆਂ ਅਤੇ ਹੋਰ ਸਹੂਲਤਾਂ ਨੂੰ ਵਾਚਿਆ। ਡਾ: ਅਗਰਵਾਲ ਨੇ ਆਈ:ਸੀ:ਯੂ ਵਿੱਚ ਦਾਖਲ ਸਾਰੇ ਮਰੀਜਾਂ ਨੂੰ ਵਧੀਆ ਇਲਾਜ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਉਤਸ਼ਾਹਤ ਕਰਨ ਦੀਆਂ ਡਾਕਟਰਾਂ ਨੂੰ ਹਦਾਇਤਾਂ ਕੀਤੀਆਂ। ਉਨ੍ਹਾਂ ਹਦਾਇਤ ਕੀਤੀ ਕਿ ਕਰੋਨਾ ਵਾਰਡ ਵਿੱਚ ਨਰਸਿੰਗ ਸਟਾਫ ਦੇ ਨਾਲ ਡਾਕਟਰ ਵੀ ਹਰ ਸਮੇਂ ਡਿਊਟੀ ਤੇ ਤਾਇਨਾਤ ਰਹਿਣ ਤਾਂ ਜੋ ਕਿਸੇ ਵੀ ਸਥਿਤੀ ਵਿੱਚ ਮਰੀਜ ਨੂੰ ਇਲਾਜ ਦੀ ਅਣਹੌਂਦ ਮਹਸਿੂਸ ਨਾ ਹੋਵੇ।