ਗੁਰ੍ਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੰਤਰਰਾਸ਼ਟਰੀ ਵਿਖਿਆਨ ਲੜੀ ਤਹਿਤ ਭਾਸ਼ਣ

ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਸ਼ੁਰੂ ਕੀਤੀ ਅੰਤਰਰਾਸ਼ਟਰੀ ਵਿਖਿਆਨ ਲੜੀ ਵਿਚ ਭਾਗ ਲੈਂਦੇ ਵਿਦਵਾਨ।
ਅੰਮ੍ਰਿਤਸਰ / 10 ਅਗਸਤ / ਨਿਊ ਸੁਪਰ ਭਾਰਤ ਨਿਊਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਅੰਤਰਰਾਸ਼ਟਰੀ ਪੱਧਰ ਉਤੇ ਉਲੀਕੇ ਗਏ ਪ੍ਰੋਗਰਾਮ ਦੀ ਲੜੀ ਵਜੋਂ ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਹਾਸ ਵਿਭਾਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਰਾਸ਼ਟਰੀ ਵਿਖਿਆਨ ਲੜੀ ਦੀ ਆਰੰਭਤਾ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਕੀਤੀ ਗਈ। ਇਤਹਾਸ ਵਿਭਾਗ ਦੇ ਮੁਖੀ ਡਾ. ਅਮਨਦੀਪ ਬੱਲ ਨੇ ਦੱਸਿਆ ਕਿ ਇਸ ਲੜੀ ਦਾ ਲੈਕਚਰ ਡਾ. ਦਲਜੀਤ ਸਿੰਘ ਇੰਚਾਰਜ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਅਖੰਡਤਾ ਚੇਅਰ ਅਤੇ ਮੁਖੀ ਪੰਜਾਬ ਇਤਿਹਾਸ ਅਧਿਐੈਨ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ।

ਉਨਾਂ ‘ਸ੍ਰੀ ਗੁਰੂ ਤੇਗ ਬਹਾਦਰ-ਹਿੰਦ ਦੀ ਚਾਦਰ’ ਵਿਸ਼ੇ ਉਤੇ ਭਾਵਪੂਰਤ ਵਿਚਾਰ ਪੇਸ਼ ਕੀਤੇ। ਗੁਰੂ ਸਾਹਿਬ ਦੇ ਜੀਵਨ ਨੂੰ ਅਧਾਰ ਬਣਾ ਕੇ ਉਨਾਂ ਨੇ ਵਿਚਾਰ ਪੇਸ਼ ਕਰਦੇ ਕਿਹਾ ਕਿ ਗੁਰੂ ਸਾਹਿਬ ਲੋਕਾਂ ਨੂੰ ਨਿਰਭੈ ਜੀਵਨ ਦੇ ਧਾਰਨੀ ਬਨਾਉਣਾ ਚਾਹੁੰਦੇ ਸਨ, ਤਾਂ ਕਿ ਉਹ ਅਨਿਆਂ ਅਤੇ ਬੇਇਨਸਾਫੀ ਦੇ ਵਿਰੁੱਧ ਅਵਾਜ਼ ਉਠਾ ਸਕਣ ਦੇ ਸਮਰੱਥ ਹੋਣ। ਉਨਾਂ ਕਿਹਾ ਕਿ ਗੁਰੂ ਸਾਹਿਬ ਧਾਰਮਿਕ ਸੁਤੰਤਰਤਾ ਦੇ ਹਮਾਇਤੀ ਸਨ ਅਤੇ ਉਨਾਂ ਦੀ ਦ੍ਰਿਸ਼ਟੀ ਵਿਚ ਕਿਸੇ ਤੋਂ ਡਰਨ ਵਾਲਾ ਵਿਅਕਤੀ ਆਪਣਾ ਸਵੈਮਾਨ ਤੇ ਆਜ਼ਾਦੀ ਗੁਆ ਬੈਠਦਾ ਹੈ। ਇਸੇ ਤਰਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਦੂਸਰਿਆਂ ਨੂੰ ਡਰਾਉਣ ਵਾਲਾ ਵਿਅਕਤੀ ਜ਼ੁਲਮੀ ਤੇ ਅਤਿਆਚਾਰੀ ਬਣ ਕੇ ਲੋਕਾਂ ਨਾਲ ਅਨਿਆਂ ਤੇ ਧੱਕੇਸ਼ਾਹੀ ਕਰਦਾ ਹੈ। ਇਸ ਲਈ ਗੁਰੂ ਸਾਹਿਬ ਨੇ ਜਬਰ ਜੁਲਮ ਦਾ ਵਿਰੋਧ ਕਰਨ ਅਤੇ ਦੂਜਿਆਂ ਦੇ ਬੁਨਿਆਦੀ ਅਧਿਕਾਰਾਂ ਦਾ ਸਨਮਾਨ ਕਰਦਿਆਂ ਕਿਸੇ ਨਾਲ ਵੀ ਧੱਕਾ ਨਾ ਕਨਰ ਦਾ ਉਪਦੇਸ਼ ਦਿੱਤਾ। ਉਨਾਂ ਕਿਹਾ ਕਿ ਗੁਰੂ ਸਾਹਿਬ ਨੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਲਈ ਆਪਣਾ ਬਲੀਦਾਨ ਦੇ ਕੇ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਅਤੇ ਮਾਨਵਤਾ ਦੇ ਆਦਰਸ਼ਕ ਰੂਪ ਵਿਚ ਮਾਰਗ ਦਰਸ਼ਨ ਕੀਤਾ। ਉਨਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ‘ ਭੈ ਕਾਹੂ ਕਉ ਦੇਤਿ ਨਹਿ ਨਹ ਬੈ ਮਾਨਤ ਆਨ’ ਦੇ ਦਿਖਾਏ ਮਾਰਗ ਉਤੇ ਚੱਲ ਕੇ ਹੀ ਇਕ ਭੈ-ਮੁਕਤ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ।